Sunday 19 April 2020

ਜਿਸ ਨੂੰ ਅਪਣੇ ਆਪ ਉੱਤੇ ਵਿਸ਼ਵਾਸ ਨਹੀਂ। ਦੁਨੀਆਂ ਉਸ ਤੋਂ ਰੱਖ ਸਕਦੀ ਕੋਈ ਆਸ ਨਹੀਂ।




ਜਿਸ ਨੂੰ ਅਪਣੇ ਆਪ ਉੱਤੇ ਵਿਸ਼ਵਾਸ ਨਹੀਂ।
ਦੁਨੀਆਂ ਉਸ ਤੋਂ ਰੱਖ ਸਕਦੀ ਕੋਈ ਆਸ ਨਹੀਂ।

ਰੰਗ ਜ਼ਿੰਦਗੀ ਦੇ ਜਿਸ ਨੇੜੇ ਹੋ ਵੇਖੇ ਨੇ
ਤੱਕ ਪਤਝੜ ਨੂੰ ਹੁੰਦਾ ਕਦੇ ਉਦਾਸ ਨਹੀਂ।

ਹਰ ਕੋਈ ਜੱਗ ਤੇ ਅਪਣਾ ਹੀ ਬੱਸ ਮਿੱਤਰ ਹੈ
ਬਣਦਾ ਕਦੇ ਕਿਸੇ ਦਾ ਕੋਈ ਖਾਸ ਨਹੀਂ।

ਮਾਫ਼ਕ ਨੇ ਮਾਂਹ ਕੁੱਝ ਨੂੰ ਕੁੱਝ ਨੂੰ ਵਾਦੀ ਨੇ
ਇੱਕੋ ਨੁਸਖਾ ਸਭ ਨੂੰ ਆਉਂਦਾ ਰਾਸ ਨਹੀਂ।

ਆਪੇ ਅਪਣਾ ਮਨ ਸਮਝਾਉਣਾ ਪੈਂਦਾ ਹੈ
ਕੋਈ ਕਿਸੇ ਨੂੰ ਦੇ ਸਕਦਾ ਧਰਵਾਸ ਨਹੀਂ।

ਨਾਲ਼ ਬਦੀ ਦੇ ਭਰੀ ਪਈ ਹੈ ਦੁਨੀਆਂ ਇਹ
ਨੇਕੀ ਦਾ ਪਰ ਹੋਇਆ ਹਾਲੇ ਨਾਸ ਨਹੀਂ।

ਕੱਢ ਕੇ ਪੀਣਾ ਪੈਂਦੈ ਪਾਣੀ ਖੂਹ ਵਿੱਚੋਂ
ਖੂਹ ਵਿੱਚ ਤੱਕਿਆਂ ਬੁਝਦੀ ਕਦੇ ਪਿਆਸ ਨਹੀਂ।

ਧੀਰਜ ਰੱਖਣਾ ਪੈਂਦੈ ਪੱਕਣ ਤੱਕ ਪਨਾਗ
ਹੁੰਦੀ ਕੱਚੇ ਫਲ਼ ਦੇ ਵਿੱਚ ਮਿਠਾਸ ਨਹੀਂ।

ਸ਼ੇਰਾਂ ਤੋਂ ਜੇ ਕੋਈ ਮਾਸ ਦੀ ਆਸ ਕਰੇ। ਇਹਦੇ ਨਾਲ਼ੋਂ ਬਿਹਤਰ ਹੈ ਉਪਵਾਸ ਕਰੇ।




ਸ਼ੇਰਾਂ ਤੋਂ ਜੇ ਕੋਈ ਮਾਸ ਦੀ ਆਸ ਕਰੇ।
ਇਹਦੇ ਨਾਲ਼ੋਂ ਬਿਹਤਰ ਹੈ ਉਪਵਾਸ ਕਰੇ।

ਨਾ ਸ਼ੈਤਾਨ ਵੀ ਉਸ ਦਾ ਕੁੱਝ ਵਿਗਾੜ ਸਕੇ
ਮਾਲਕ ਨੂੰ ਜੋ ਚੇਤੇ ਸਾਸ ਗਿਰਾਸ ਕਰੇ।

ਸੱਜਣਾ ਲਈ ਤਾਂ ਸਾਰੀ ਦੁਨੀਆਂ ਕਰਦੀ ਹੈ
ਬੰਦਾ ਉਹ ਜੋ ਦੁਸ਼ਮਣ ਲਈ ਅਰਦਾਸ ਕਰੇ।

ਬਣ ਕਿਰਪਾਨ ਹੈ ਆਉਂਦੀ ਦੀਨ ਦੀ ਰਾਖੀ ਲਈ
ਬਣ ਤਲਵਾਰ ਜੋ ਜਬਰ ਜ਼ੁਲਮ ਦਾ  ਨਾਸ ਕਰੇ।

ਹੱਥ ਓਹੀ ਹੈ ਛੂਹ ਸਕਦਾ ਅਸਮਾਨਾਂ ਨੂੰ
ਇਮਤਿਹਾਨ ਜੋ ਅਪਣੇ ਬਲ ਤੇ ਪਾਸ ਕਰੇ।

ਹਿੰਮਤ, ਲਗਨ, ਹੌਸਲਾ ਉਹ ਕਰ ਦਿੰਦੇ ਨੇ
ਖ਼ਾਬ ਚ ਵੀ ਨਾ ਕਾਇਰ ਜਿਸ ਦਾ ਕਿਆਸ ਕਰੇ।

ਵੈਰੀ ਵੀ ਨਾ ਓਨਾ ਕਰ ਨੁਕਸਾਨ ਸਕੇ
ਬੁੱਕਲ਼ ਵਿੱਚ ਬਹਿ ਜਿੰਨਾ ਅਪਣਾ ਖਾਸ ਕਰੇ।

ਅਕਲ ਪਨਾਗਾ ਲਾ ਲਾ ਜ਼ੋਰ ਹੈ ਥੱਕ ਜਾਂਦੀ
ਟੁੱਟਿਆ ਦਿਲ ਪਰ ਫਿਰ ਵੀ ਨਾ ਧਰਵਾਸ ਕਰੇ।

ਬਾਗ ਬਗੀਚੇ ਸੋਹਣੇ ਲਗਦੇ ਚਿੜੀਆਂ ਘੁੱਗੀਆਂ ਮੋਰਾਂ ਨਾਲ਼।




ਬਾਗ ਬਗੀਚੇ ਸੋਹਣੇ ਲਗਦੇ ਚਿੜੀਆਂ ਘੁੱਗੀਆਂ ਮੋਰਾਂ  ਨਾਲ਼।
ਘਰ ਦੇ ਵਿੱਚ ਪਰ ਰੌਣਕ ਆਉਂਦੀ ਹੈ ਝਾਂਜਰ ਦਿਆਂ ਬੋਰਾਂ ਨਾਲ਼।

ਲੁੱਟਾਂ, ਖੋਹਾਂ, ਚੋਰੀ, ਡਾਕੇ, ਕਤਲ, ਤਸਕਰੀ, ਜਬਰ ਜਨਾਹ ਨੇ
ਕਿਹੜਾ ਠੱਲ੍ਹ ਜੁਰਮ ਨੂੰ ਪਾਵੇ ਕੁੱਤੀ ਰਲ਼ ਗਈ ਚੋਰਾਂ ਨਾਲ਼।

ਮਹਿਲਾਂ ਦੇ ਵਿੱਚ ਗੂੰਜਣ ਹਾਸੇ, ਕੁੱਲੀਆਂ ਦੇ ਵਿੱਚ ਅੱਥਰੂ ਟਪਕਣ
ਬੱਦਲ਼ ਕਾਲ਼ੇ ਜਦ ਘਿਰ ਆਉਂਦੇ, ਮੀਂਹ ਪੈਂਦਾ ਜਦ ਜ਼ੋਰਾਂ ਨਾਲ਼।

ਲੈ ਸੰਨਦਾਂ ਬੱਗ ਹੰਸ ਬਣ ਗਏ, ਮਸਤਕ ਵਿੱਚ ਪਰ ਜੋਤ ਜਗੀ ਨਾ
ਤੋਰ ਉਨ੍ਹਾਂ ਦੀ ਕਦੇ ਨਾ ਰਲ਼ਦੀ ਪਰ ਹੰਸਾਂ ਦੀਆਂ ਤੋਰਾਂ ਨਾਲ਼।

ਤੁਰ ਗਏ ਜੀਅ ਦੀ ਘਾਟ ਨਾ ਪੂਰੀ ਹੁੰਦੀ ਨਾਲ਼ ਮੁਆਵਜ਼ਿਆਂ ਦੇ
ਡੂੰਘੇ ਜ਼ਖ਼ਮ ਨਾ ਭਰਦੇ ਕੋਸੇ ਪਾਣੀ ਦੀਆਂ ਟਕੋਰਾਂ ਨਾਲ਼।

ਲੈਂਦੇ ਬਦਲ ਬਿਆਨ ਗਵਾਹ ਨੇ, ਮੁਨਸਫ਼ ਵੀ ਨੇ ਮਾਲ ਵਿਕਾਊ
ਕਤਲ ਕਰੋ ਤੇ ਬਰੀ ਹੋ ਜਾਓ, ਸਭ ਮੁਮਕਿਨ ਹੈ ਮੋਹਰਾਂ ਨਾਲ਼।

ਇੱਛਾ ਨਾ ਕੋਈ ਰਹੇ ਸੁਰਗ ਦੀ ਮਿਲ ਜਾਏ ਸਾਥ ਸੁਹਿਰਦ ਕੋਈ ਜੇ
ਐਥੇ ਈ ਨਰਕ ਭੋਗਣਾ ਪੈਂਦਾ ਲਾ ਕੇ ਚਿੱਤ ਕਠੋਰਾਂ ਨਾਲ਼

ਸੌ ਸੌ ਸਹੁੰਆਂ ਖਾ ਵੀ ਲੋਕੀ ਜਾਂਦੇ ਭੁੱਲ ਪੁਰਾਣਿਆਂ ਨੂੰ ਹਨ
ਅੱਖਾਂ ਨੇ ਜਦ ਉਲ਼ਝ ਜਾਂਦੀਆਂ ਸੱਜਣਾ ਨਵੇਂ ਨਕੋਰਾਂ ਨਾਲ਼।

ਚਿੱਟੇ ਕਾਲ਼ੇ ਹੋ ਜਾਂਦੇ ਨੇ ਰੰਗ ਦੇ ਲਾਇਆਂ ਮਗਰ ਪਨਾਗਾ
ਜਿਸਮ ਨਾ ਸਕਦੇ ਲੈ ਪਰ ਟੱਕਰ ਨਵੀਂ ਉਮਰ ਦਿਆਂ ਛੋਹਰਾਂ ਨਾਲ਼।

ਸੂਰਜ ਨਵਾਂ ਚੜ੍ਹਾ ਦੇਵਾਂਗੇ। ਅੱਛੇ ਦਿਨ ਦਿਖਲਾ ਦੇਵਾਂਗੇ।



ਸੂਰਜ ਨਵਾਂ ਚੜ੍ਹਾ ਦੇਵਾਂਗੇ।        
ਅੱਛੇ ਦਿਨ ਦਿਖਲਾ ਦੇਵਾਂਗੇ।

ਫਾਡੀ ਸੀ ਜੋ ਗਿਣਿਆਂ ਜਾਂਦਾ       
ਮੋਹਰੀਆਂ ਵਿੱਚ ਖੜ੍ਹਾ ਦੇਵਾਂਗੇ।

ਜੰਨਤ ਲਿਆ ਕੇ ਆਸਮਾਨ ਤੋਂ     
ਧਰਤੀ ਉੱਪਰ ਟਿਕਾ ਦੇਵਾਂਗੇ।

ਹੁੰਦਾ ਸੀ ਜੋ ਭਾਰਤ ਹੁਣ ਤੱਕ    
ਹਿੰਦੁਸਤਾਨ ਬਣਾ ਦੇਵਾਂਗੇ।

ਗੋਸ਼ਤ ਖਾਣ ਵਾਲ਼ਿਆਂ ਨੂੰ ਹੁਣ      
ਜੰਗਲ਼ੀ ਘਾਹ ਖੁਆ ਦੇਵਾਂਗੇ।

ਇੱਕੋ ਰੰਗ ਰਹੇਗਾ ਬਾਕੀ           
ਬਾਕੀ ਸਭੇ ਉਡਾ ਦੇਵਾਂਗੇ।

ਦੇ ਦੇ ਮੁਫ਼ਤ ਰਿਆਇਤਾਂ ਸਭ ਨੂੰ   
ਮੰਗਤੇ ਅਸੀਂ ਬਣਾ ਦੇਵਾਂਗੇ।

ਕੰਡਿਆਂ ਤੇ ਜੋ ਰਹੇ ਨੇ ਸੌਂਦੇ         
ਫੁੱਲਾਂ ਉੱਪਰ ਖਿਡ੍ਹਾ ਦੇਵਾਂਗੇ।

ਹੁਣ ਤੱਕ ਸੀ ਜੋ ਨਾਇਕ ਪਨਾਗਾ 

ਸਭ ਖਲਨਾਇਕ ਬਣਾ ਦੇਵਾਂਗੇ।

ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ।




ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ।
ਬੋਲ਼ੇ ਕੰਨਾਂ ਨੂੰ ਨਹੀਂ ਸੁਣਦੇ ਰੋਜ਼ ਪਟਾਕੇ ਪੈਂਦੇ ਨੇ।

ਉਡ ਜਾਂਦੇ ਅਸਮਾਨਾਂ ਦੇ ਵਿੱਚ ਧੌਲਰ ਪਰਜਾ ਤੰਤਰ ਦੇ
ਜਦ ਕਾਨੂੰਨੀ ਬੰਬਾਂ ਦੇ ਦਮਦਾਰ ਧਮਾਕੇ ਪੈਂਦੇ ਨੇ।

ਇੱਕੋ ਰੰਗ ਚ ਰੰਗ ਦੇਣਾ ਹੈ ਬਾਗ ਦੇ ਸਾਰੇ ਫੁੱਲਾਂ ਨੂੰ
ਜਦ ਵੀ ਕੋਈ ਕਹਿੰਦਾ ਹੈ ਹਰ ਤਰਫ਼ ਠਹਾਕੇ ਪੈਂਦੇ ਨੇ।

ਸੰਤਾਲ਼ੀ ਦੇ ਨਾਲ਼ੋਂ ਇੱਕ ਦਮ ਵੱਖਰੈ ਭਾਰਤ ਠਾਰਾਂ ਦਾ
ਹੋਵੇ ਕਿਉਂ ਨਾ ਦੋਹਾਂ ਦੇ ਵਿੱਚ ਸੱਤ ਦਹਾਕੇ ਪੈਂਦੇ ਨੇ।

ਪਤਾ ਨਹੀਂ ਕਿਉਂ ਦਿਲ ਤੋਂ ਕਾਲ਼ਖ ਜਾਂਦੀ ਨਹੀਂ ਬੇਈਮਾਨਾਂ ਦੇ
ਭਾਂਵੇਂ ਨੇਤਾ ਸਾਡੇ ਦੁੱਧ ਨਾਲ਼ ਰੋਜ਼ ਨਹਾ ਕੇ ਪੈਂਦੇ ਨੇ।

ਕਿਸੇ ਯੋਜਨਾ ਨਵੀਂ ਲਈ ਜਦ ਫੰਡ ਸਰਕਾਰੀ ਆ ਜਾਂਦੇ
ਖਾਂਦੀ ਮੁਰਗੇ ਅਫ਼ਸਰਸ਼ਾਹੀ ਖੂਬ ਪਚਾਕੇ ਪੈਂਦੇ ਨੇ।

ਸੂਰਜ ਚੜ੍ਹਦੇ ਨਾਲ਼ ਨੇ ਜਾਂਦੇ ਬਿੱਖਰ ਵਿੱਚ ਹਵਾਵਾਂ ਦੇ
ਸ਼ੇਖਚਿਲੀ ਜੋ ਕਿਲੇ ਰਾਤ ਨੂੰ ਰੋਜ਼ ਬਣਾ ਕੇ ਪੈਂਦੇ ਨੇ।

ਨਹੀਂ ਪਨਾਗਾ ਰੂਪ ਧਾਰਦੇ ਸੁਪਨੇ ਕਦੇ ਹਕੀਕਤ ਦਾ
ਭੋਲ਼ੇ ਲੋਕਾਂ ਨੂੰ ਜੋ ਹਾਕਮ ਰੋਜ਼ ਦਿਖਾ ਕੇ ਪੈਂਦੇ ਨੇ।

ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।




ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।
ਨਹੀਂ ਫੜਦਾ ਕੋਈ ਪੱਲਾ ਏਸ ਕਰਮਾਂ ਦੀ ਮਾਰੀ ਦਾ।

ਪਾਈ ਈਮਾਨਦਾਰੀ ਦਾ ਮਖੌਟਾ ਹਰ ਕੋਈ ਫਿਰਦੈ
ਜਾਪਦੈ ਕੌਮ ਨੇ ਹੈ ਲੈ ਲਿਆ ਠੇਕਾ ਮੱਕਾਰੀ ਦਾ।

ਗਏ ਲੁਕਮਾਨ ਵੀ ਨੇ ਛੱਡ ਇਸ ਧਰਤੀ ਨੂੰ ਹੁਣ ਸਾਰੇ
ਨਹੀਂ ਲੱਭ ਸਕੇ ਜਦ ਦਾਰੂ ਉਹ ਇਸ ਮਾਰੂ ਬਿਮਾਰੀ ਦਾ।

ਬਹਿ ਗਿਆ ਰੱਬ ਵੀ ਹੁਣ ਤਾਂ ਪਾਲ਼ ਏਥੇ ਦਲਾਲਾਂ ਨੁੰ
ਉਹਦੇ ਵਰਦਾਨ ਲਈ ਭਰਨਾ ਹੈ ਢਿੱਡ ਪੈਂਦਾ ਪੁਜਾਰੀ ਦਾ

ਫੜ ਲਿਆ ਝੂਠ ਦਾ ਦਾਮਨ ਹੈ ਘੁੱਟ ਕੇ ਏਸ ਦੇ ਲੋਕਾਂ
ਜਿਉਣਾ ਹੋ ਗਿਆ ਮੁਸ਼ਕਲ ਕਿਸੇ ਸੱਚ ਦੇ ਵਪਾਰੀ ਦਾ।

ਨਾ ਡਰ ਸਰਕਾਰ ਦਾ ਨਾ ਧਰਮ ਰਾਜੇ ਦਾ ਰਿਹਾ ਏਥੇ
ਬਿਨਾਂ ਸੰਗ ਸ਼ਰਮ ਹੁੰਦਾ ਹੈ ਨਾਚ ਚੋਰੀ ਚਕਾਰੀ ਦਾ।

ਜਾਨ ਦੀ,  ਮਾਲ ਦੀ, ਪਰਿਵਾਰ ਦੀ ਰਾਖੀ ਕਿਵੇਂ ਕਰੀਏ
ਫਿਕਰ ਇਹ ਲੈ ਗਿਆ ਹੈ ਰੂਪ ਹੁਣ ਇੱਕ ਮਹਾਂਮਾਰੀ ਦਾ।

ਕੋਈ ਸਰਕਾਰ ਤੇ ਕਾਨੂੰਨ ਨਾਂ ਦੀ ਚੀਜ਼ ਨਹੀਂ ਲੱਭਦੀ
ਹਰ ਤਰਫ਼ ਰਾਜ ਹੈ ਜੰਗਲ਼ ਦਾ ਤੇ ਜਾਂ ਤਰਫ਼ਦਾਰੀ ਦਾ।

ਦੂਰ ਦਿਸਹਦੇ ਤੇ ਵੀ ਕਿਰਨ ਨਹੀਂ ਕੋਈ ਆਸ ਦੀ ਦਿਸਦੀ
ਪਨਾਗਾ ਆਸਰੇ ਜਿਸ ਦੇ ਵਕਤ ਔਖਾ ਗੁਜ਼ਾਰੀਦਾ

ਪਾ ਸੂਰਜ ਤੇ ਪਾਣੀ ਬੁਝਾਉਂਦੀ ਸਿਆਸਤ। ਹੈ ਦੀਵੇ ਨੂੰ ਸੂਰਜ ਬਣਾਉਂਦੀ ਸਿਆਸਤ।



ਪਾ ਸੂਰਜ ਤੇ ਪਾਣੀ ਬੁਝਾਉਂਦੀ ਸਿਆਸਤ।
ਹੈ ਦੀਵੇ ਨੂੰ ਸੂਰਜ ਬਣਾਉਂਦੀ ਸਿਆਸਤ।

ਹੈ ਅਪਰਾਧੀ ਸੋਚਾਂ ਚੋਂ ਜੰਮਦੀ ਸਦਾ ਇਹ
ਸ਼ਰੀਫ਼ਾਂ ਨੂੰ ਨਾ ਰਾਸ ਆਉਂਦੀ ਸਿਆਸਤ।

ਸਿਆਸਤ ਚ ਜਾਇਜ਼ ਨੇ ਹਥਿਆਰ ਸਾਰੇ
ਅਸੂਲਾਂ ਨੂੰ ਨੇੜੇ ਨਾ ਲਾਉਂਦੀ ਸਿਆਸਤ।

ਛੁਰਾ ਖੋਭ ਦਿੰਦੀ ਹੈ ਯਾਰਾਂ ਦੀ ਪਿੱਠ ਵਿੱਚ
ਗਲ਼ੇ ਦੁਸ਼ਮਣਾਂ ਨੂੰ ਲਗਾਉਂਦੀ ਸਿਆਸਤ।

ਸਿਆਣੇ ਸਟੇਜਾਂ ਤੋਂ ਕਹਿ ਕਹਿ ਕੇ ਸਾਨੂੰ
ਰਹਿੰਦੀ ਹੈ ਮੂਰਖ ਬਣਾਉਂਦੀ ਸਿਆਸਤ

ਨਾ ਡਰਦੀ ਕਿਸੇ ਤੋਂ ਡਰਾਉਂਦੀ ਹਮੇਸ਼ਾਂ
ਫਿਰੇ ਸੜਕ ਤੇ ਦਣਦਣਾਉਂਦੀ ਸਿਆਸਤ।

ਹੈ ਕਰਦੀ ਇਹ ਦਾਅਵੇ ਸਦਾ ਹੀ ਨਿਆਂ ਦੇ
ਤੇ ਅਨਿਆਂ ਹੈ ਰੱਜ ਕੇ ਕਮਾਉਂਦੀ ਸਿਆਸਤ।

ਹੈ ਪਾਉਂਦੀ ਇਹ ਪਾੜੇ ਦਿਲਾਂ ਵਿੱਚ ਰਹਿੰਦੀ
ਭਾਈ ਨਾਲ਼ ਭਾਈਆਂ ਲੜਾਉਂਦੀ ਸਿਆਸਤ।

ਹੈ ਲੈਂਦੀ ਚੁਰਾ ਚੈਨ ਦਿਨ ਦਾ ਇਹ ਸਾਰਾ
ਤੇ ਰਾਤਾਂ ਦੀ ਨੀਂਦਰ ਉਡਾਉਂਦੀ ਸਿਆਸਤ।

ਪਨਾਗਾ ਨਾ ਭੁੱਲ ਕੇ ਤੁਰੀਂ ਰਾਹ ਤੇ ਇਹਦੇ
ਹੈ ਇਨਸਾਂ ਨੂੰ ਸ਼ੈਤਾਂ ਬਣਾਉਂਦੀ ਸਿਆਸਤ