Sunday 19 April 2020

ਨੀਲੇ ਦੇ ਅਸਵਾਰਾ ਐਪਰ ਤੇਰਾ ਕੋਈ ਜੋੜ ਨਹੀਂ।




ਦੱਸਦਾ ਹੈ ਇਤਿਹਾਸ ਜਗਤ ਤੇ ਪੀਰਾਂ ਦੀ ਤਾਂ ਥੋੜ ਨਹੀਂ।
ਨੀਲੇ ਦੇ ਅਸਵਾਰਾ ਐਪਰ ਤੇਰਾ ਕੋਈ ਜੋੜ ਨਹੀਂ।
ਐਵੇਂ ਲੋਕੀ ਭੱਜੇ ਫਿਰਦੇ ਭਾਂਤ ਭਾਂਤ ਦੇ ਨਸ਼ਿਆਂ ਪਿੱਛੇ
ਤੇਰੇ ਅੰਮ੍ਰਿਤ ਵਿੱਚ ਨਸ਼ਾ ਜੋ ਉਸ ਦਾ ਕੋਈ ਤੋੜ ਨਹੀਂ।
ਤਾਕਤ ਅੱਗੇ ਝੁਕ ਕੇ ਜਾਨ ਬਚਾਉਦੀ ਅਪਣੀ ਦੁਨੀਆਂ ਸਾਰੀ
ਤੇਰੇ ਬਾਝੋਂ ਜ਼ਾਲਮ ਦਾ ਕੋਈ ਸਕਦਾ ਗਲ਼ਾ ਮਰੋੜ ਨਹੀਂ।
ਜੋੜੇ ਲਾਲਾਂ ਦੇ ਕਰ ਦੇਵੇਂ ਹੱਸ ਕੇ ਤੂੰ ਕੁਰਬਾਨ ਕੌਮ ਤੋਂ
ਆਖੇਂ ਅਜੇ ਹਜ਼ਾਰਾਂ ਜ਼ਿੰਦਾ ਪੁੱਤਰਾਂ ਦੀ ਕੋਈ ਥੋੜ ਨਹੀਂ।
ਜਿਸ ਦੇ ਮਨ ਵਿੱਚ ਤੂੰ ਹੈਂ ਵਸਦਾ ਜਾਚ ਜੀਣ ਦੀ ਦੱਸਣ ਵਾਲ਼ਾ
ਮਾਰਗ ਦਰਸ਼ਨ ਦੇ ਲਈ ਉਸ ਨੂੰ ਹੋਰ ਕਿਸੇ ਦੀ ਲੋੜ ਨਹੀਂ।
ਸਭ ਕੁੱਝ ਖੋ ਕੇ ਜਿੱਤ ਦੀ ਚਿੱਠੀ ਲਿਖ ਜ਼ਾਲਮ ਨੂੰ ਕਹਿ ਸਕਦਾ ਹੈਂ
“ਤੂੰ ਬੁਜ਼ਦਿਲ ਹੈਂ, ਵਾਰ ਮੇਰੇ ਨੂੰ ਸਕਦਾ ਅੱਗਿਓਂ ਮੋੜ ਨਹੀਂ।“
ਬੈਰਾਗੀ ਬਣ ਜਾਏ ਬਹਾਦਰ ਸੁਣ ਕੇ ਜਿਸ ਦੇ ਬੋਲ ਅਗੰਮੀ
ਤੇਰੇ ਵਾਂਗੂੰ ਹਿਰਦੇ ਨੂੰ ਕੋਈ ਸਕਦਾ ਹੋਰ ਝੰਜੋੜ ਨਹੀਂ।
ਇੱਕੋ ਬਹੁਤ ਖਾਲਸਾ ਤੇਰਾ ਟੱਕਰ ਜ਼ੁਲਮ ਦੇ ਨਾਲ਼ ਲੈਣ ਲਈ
ਕੱਲਾ ਹੀ ਕਰ ਸਕਦੈ ਜੋ ਕਰ ਸਕਦੇ ਲੱਖ ਕਰੋੜ ਨਹੀਂ।
ਤੇਰੀ ਓਟ ਪਨਾਗ ਤਕਾਈ, ਰਹੀਂ ਸਦਾ ਅੰਗ ਸੰਗ ਓਸ ਦੇ
ਨ੍ਹੇਰੇ ਨਾਲ਼ ਲੜਨ ਲਈ ਉਸ ਨੂੰ ਕਿਸੇ ਫੌਜ ਦੀ ਲੋੜ ਨਹੀਂ।

No comments:

Post a Comment