Sunday 19 April 2020

ਕਦੇ ਜ਼ਿੰਦਗੀ ਦੀ ਬਾਜ਼ੀ ਹਾਰਦਾ ਨਹੀਂ ਹੈ ਵੰਗਾਰਾਂ ਨੂੰ ਜਿਹੜਾ ਵੰਗਾਰ ਸਕਦਾ।




ਕਦੇ ਜ਼ਿੰਦਗੀ ਦੀ ਬਾਜ਼ੀ ਹਾਰਦਾ ਨਹੀਂ ਹੈ ਵੰਗਾਰਾਂ ਨੂੰ ਜਿਹੜਾ ਵੰਗਾਰ ਸਕਦਾ।
ਫ਼ਤਿਹ ਸੂਰਜ ਤੇ ਇੱਕ ਦਿਨ ਪਾ ਲੈਂਦੈ ਹੱਥ ਵਿੱਚ ਜੋ ਫੜ ਅੰਗਿਆਰ ਸਕਦਾ।

ਚਾਹੇ ਨਾਲ਼ ਹਥਿਆਰਾਂ ਦੇ ਜਿੱਤਣਾ ਜੇ ਜਿੱਤ ਸਕਦਾ ਨਹੀਂ ਕਦੇ ਸੰਸਾਰ ਕੋਈ
ਜਿੱਤ ਲੈਂਦਾ ਹੈ ਬਿਨਾਂ ਹਥਿਆਰ ਤੋਂ ਹੀ ਜਿਹੜਾ ਅਪਣੀ ਖ਼ੁਦੀ ਨੂੰ ਮਾਰ ਸਕਦਾ।

ਹੱਥ ਪੈਰ ਤਾਂ ਡੁੱਬਦਾ ਮਾਰਦਾ ਹੈ, ਨਹੀਂ ਰੱਬ ਦੇ ਆਸਰੇ ਕੋਈ ਰਹਿੰਦਾ
ਪਾਰ ਭੰਵਰ ਤੋਂ ਅੰਤ ਪਰ ਲਾਏ ਓਹੀ ਜਿਹੜਾ ਪੱਥਰ ਨੂੰ ਪਾਣੀ ਤੇ ਤਾਰ ਸਕਦਾ।

ਹੱਥ ਖੋਲ੍ਹਣੇ ਪੈਂਦੇ ਨੇ ਲੈਣ ਲਈ ਕੁੱਝ, ਬੰਦ ਮੁੱਠੀਆਂ ਵਿੱਚ ਨਹੀਂ ਕੁੱਝ ਆਉਂਦਾ
ਕਦੇ ਘਾਟ ਨਾ ਓਸ ਨੂੰ ਕੋਈ ਰਹਿੰਦੀ ਦਾਤੇ ਅੱਗੇ ਜੋ ਹੱਥ ਪਸਾਰ ਸਕਦਾ।

ਆਕੜ ਭੱਜਦੀ ਸਦਾ ਹੰਕਾਰਿਆਂ ਦੀ, ਜਿਹੜਾ ਲਿਫ਼ ਜਾਵੇ ਕਦੇ ਟੁੱਟਦਾ ਨਹੀਂ
ਜਿਹੜਾ ਨਿਮਰਤਾ ਧਾਰਨਾ ਜਾਣਦਾ ਹੈ, ਸਦਾ ਜਿੱਤਦਾ ਹੈ, ਨਹੀਂ ਹਾਰ ਸਕਦਾ।

ਭੁੱਲ ਜਾਂਦਾ ਹੈ ਜੱਗ ਸਿਕੰਦਰਾਂ ਨੂੰ, ਯਾਦ ਕਰੇ ਤਾਂ ਨਫ਼ਰਤ ਦੇ ਨਾਲ਼ ਕਰਦੈ
ਸਦਾ ਓਸ ਨੂੰ ਪੂਜੇ ਪਨਾਗ ਦੁਨੀਆਂ ਕੌਮ ਲਈ ਜੋ ਵਾਰ ਪਰਿਵਾਰ ਸਕਦਾ।

No comments:

Post a Comment