Sunday 19 April 2020

ਸੁਣੇ ਨਾ ਕੋਈ ਪੁਕਾਰ ਰੋਂਦੀਆਂ ਧੀਆਂ ਦੀ।




ਸੁਣੇ ਨਾ ਕੋਈ ਪੁਕਾਰ ਰੋਂਦੀਆਂ ਧੀਆਂ ਦੀ।
ਹੰਝੂਆਂ ਦੇ ਨਾਲ਼ ਦਾਗ ਧੋਂਦੀਆਂ ਧੀਆਂ ਦੀ।
ਅੰਮੀ ਬਾਬਲ ਤੱਕ ਹਾਲਤ ਮਰ ਜਾਂਦੇ ਨੇ
ਅੱਖਾਂ ਵਿੱਚੋ ਲਹੂ ਚੋਂਦੀਆਂ ਧੀਆਂ ਦੀ।
ਖੋਹੀ ਜਾਂਦਾ ਦੈਂਤ ਹਵਸ ਦਾ ਹੈ ਮੁਸਕਾਨ
ਫੁੱਲਾਂ ਵਾਂਗੂੰ ਲਗਰੀਂ ਸੋਂਹਦੀਆਂ ਧੀਆਂ ਦੀ।
ਸੀਨੇ ਵਿੰਨ੍ਹਦੀ ਚੀਕ ਨਾ ਸੁਣਦੀ ਬੋਲ਼ਿਆਂ ਨੂੰ
ਬਦਨਾਮੀ ਦਾ ਭਾਰ ਢੋਂਦੀਆਂ ਧੀਆਂ ਦੀ।
ਅੱਖ ਦਾ ਪਾਣੀ ਮਰ ਗਿਆ ਤਾਜਾਂ ਵਾਲ਼ਿਆਂ ਦਾ
ਲੁੱਟਦੀ ਇੱਜ਼ਤ ਦਿਸੇ ਨਾ ਭੋਂ ਦੀਆਂ ਧੀਆਂ ਦੀ।
ਬੇਬਸ ਤੱਕੜੀ ਨਿਆਂ ਦੀ ਵੀ ਬਾਂਹ ਫੜਦੀ ਨਹੀਂ
ਰੋ ਰੋ ਸਿਰ ਦੇ ਵਾਲ਼ ਖੋਂਹਦੀਆਂ ਧੀਆਂ ਦੀ।
ਆਖ ਪਨਾਗਾ ਕਲਮ ਨੂੰ ਅਪਣੀ ਬਣੇ ਅਵਾਜ਼
ਵਹਿਸ਼ੀਆਂ ਹੱਥੋਂ ਜਾਨਾਂ ਖੋਂਦੀਆਂ ਧੀਆਂ ਦੀ।

No comments:

Post a Comment