Sunday 19 April 2020

ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।




ਤੁਰਲੇ ਵਾਲ਼ੀਆਂ ਬੰਨ੍ਹ ਕੇ ਪੱਗਾਂ ਲਉ ਚਾਦਰੇ ਲਾ,
ਓਇ ਮਿੱਤਰੋ ਗਈ ਵਿਸਾਖੀ ਆ।
ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।

ਚੁੱਕ ਲਿਆ ਸਰਦੀ ਨੇ ਡੇਰਾ ਲੱਗ ਪਿਆ ਖੜ੍ਹਨ ਦੁਪਹਿਰਾ।
ਮਿਹਨਤ ਨੂੰ ਫਲ਼ ਪਿਆ, ਕਣਕ ਦਾ ਹੋ ਗਿਆ ਰੰਗ ਸੁਨਹਿਰਾ।
ਖੁਸ਼ਹਾਲੀ ਆ ਬੂਹਾ ਸਾਡਾ ਦਿੱਤਾ ਹੈ ਖੜਕਾ,
ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।

ਕੱਠੇ ਹੋ ਕੇ ਚੱਲੀਏ ਮੇਲੇ ਰਲ਼ ਮਿਲ ਮੌਜ ਮਨਾਈਏ।
ਲਾਂਭੇ ਰੱਖ ਫਿਕਰ ਦੁਨੀਆਂ ਦੇ ਹੱਸੀਏ, ਨੱਚੀਏ, ਗਾਈਏ।
ਲੁੱਡੀ, ਝੁੰਮਰ, ਭੰਗੜਾ ਪਾਈਏ ਡੱਗਾ ਢੋਲ ਤੇ ਲਾ,
ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।

ਕਰੀਏ ਯਾਦ ਗੁਰੂ ਗੋਬਿੰਦ ਨੂੰ ਜਿਸ ਨੇ ਜਿਉਣ ਸਿਖਾਇਆ।
ਵਿੱਚ ਅਨੰਦਪੁਰ ਸੋਚ ਸਮਝ ਕੇ ਕੌਤਕ ਅਜਬ ਰਚਾਇਆ।
ਪਾਹੁਲ ਦੇ ਖੰਡੇ ਦੀ ਦਿੱਤਾ ਗਿੱਦੜੋਂ ਸ਼ੇਰ ਬਣਾ,
ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।

ਨਵੇਂ ਸਾਲ ਨੂੰ ਆਓ ਰਲ਼ ਕੇ ਅੱਜ ਜੀ ਆਇਆਂ ਕਹੀਏ।
ਕਰੀਏ ਰਲ਼ ਅਰਦਾਸ ਪਨਾਗਾ ਏਦਾਂ ਈ ਹੱਸਦੇ ਰਹੀਏ।
ਬੁਰੇ ਕੰਮਾਂ ਨੂੰ ਅੱਜ ਸਦਾ ਲਈ ਦਈਏ ਆਖ ਵਿਦਾ,
ਗਈ ਵਿਸਾਖੀ ਆ, ਓਇ ਮਿੱਤਰੋ, ਗਈ ਵਿਸਾਖੀ ਆ।

No comments:

Post a Comment