Sunday 19 April 2020

ਰਾਵਣ ਤਾਂ ਹਰ ਸਾਲ ਹੈ ਸੜਦਾ, ਬਦੀ ਫੇਰ ਵੀ ਸੜਦੀ ਨਹੀਂ।



ਰਾਵਣ ਤਾਂ ਹਰ ਸਾਲ ਹੈ ਸੜਦਾ, ਬਦੀ ਫੇਰ ਵੀ ਸੜਦੀ ਨਹੀਂ।
ਕਹਿੰਦੇ ਨੇ ਭਾਂਵੇਂ ਨੇਕੀ ਅੱਗੇ ਤਾਕਤ ਕੋਈ ਖੜ੍ਹਦੀ ਨਹੀਂ।

ਜਦ ਦੇ ਜੰਮੇ ਤਦ ਦੀ ਹੀ ਹਮਸਾਏ ਨਾਲ਼ ਲੜਾਈ ਹੈ
ਸੁੱਟ ਪਰੇ ਹਥਿਆਰਾਂ ਨੂੰ ਕਿਉਂ ਅੱਖ ਨਾਲ਼ ਅੱਖ ਲੜਦੀ ਨਹੀਂ।

ਅਪਣੇ ਹੱਥੀਂ ਆਪੇ ਅਪਣੀ ਕਿਸਮਤ ਘੜਦਾ ਹੈ ਇਨਸਾਨ
ਦੂਰ ਦੁਰਾਡੇ ਬੈਠੀ ਕੋਈ ਤਾਕਤ ਕਿਸਮਤ ਘੜਦੀ ਨਹੀਂ।

ਅਪਣੀ ਅਕਲ ਦੇ ਉੱਤੇ ਹੁੰਦਾ ਮਾਣ ਹੈ ਏਨਾ ਮੂਰਖ ਨੂੰ
ਦਿੱਤੀ ਹੋਈ ਅਕਲ ਕਿਸੇ ਦੀ ਖਾਨੇ ਉਹਦੇ ਵੜਦੀ ਨਹੀਂ।

ਘੋੜੇ ਬਹੁਤ ਅਕਲ ਦੇ ਹਨ ਦੌੜਾਉਂਦੇ ਰਹਿੰਦੇ ਲੋਕ ਸਦਾ ਪਰ
ਕਦੇ ਸਾਫ ਦੀਵਾਰ ਤੇ ਲਿਖਿਆ ਅੱਖ ਉਨ੍ਹਾਂ ਦੀ ਪੜ੍ਹਦੀ ਨਹੀਂ।

ਓਨਾ ਚਿਰ ਹੰਕਾਰਿਆ ਹੋਇਆ ਬੰਦਾ ਬੰਦਾ ਬਣਦਾ ਨਹੀਂ
ਜਿੰਨਾ ਚਿਰ ਕੁਦਰਤ ਦੇ ਹੱਥੋਂ ਗਰਦ ਓਸ ਦੀ ਝੜਦੀ ਨਹੀਂ।

ਤਾਕਤ ਦਾ ਚੜ੍ਹ ਜਾਂਦੈ ਐਨਾ ਨਸ਼ਾ ਪਨਾਗਾ ਤਕੜੇ ਨੂੰ
ਪਹਿਲੇ ਤੋੜ ਦੀ ਬੋਤਲ ਵੀ ਜਿਉਂ ਕਦੇ ਕਿਸੇ ਨੂੰ ਚੜ੍ਹਦੀ ਨਹੀਂ।

No comments:

Post a Comment