Sunday 19 April 2020

ਹਿਰਦਾ ਖਿੜ ਜਾਂਦਾ ਹੈ ਸੱਜਣਾ ਦਰਸ਼ਨ ਤੇਰੇ ਕਰ ਕੇ।

ਜਿਉਂ ਖਿੜੇ ਬਨਾਸਪਤੀ ਬੱਦਲ਼ ਜਦ ਹਟਦਾ ਹੈ ਵਰ੍ਹ ਕੇ।
ਹਿਰਦਾ ਖਿੜ ਜਾਂਦਾ ਹੈ ਸੱਜਣਾ ਦਰਸ਼ਨ ਤੇਰੇ ਕਰ ਕੇ।

ਦਿਲ ਹੋ ਗਿਆ ਬੇਕਾਬੂ ਵਸ ਵਿੱਚ ਰਿਹਾ ਨਹੀਂ  ਹੁਣ ਮੇਰੇ।
ਕਹਿੰਦਾ ਹੈ ਹਰ ਵੇਲ਼ੇ ਬੈਠਾ ਰਹਾਂ ਸਾਹਮਣੇ ਤੇਰੇ।
ਇਹਨੂੰ ਚੈਨ ਨਾ ਆਉਂਦਾ ਹੈ ਦੇਖਾਂ ਨਾ ਜਦ ਤੱਕ ਜੀ ਭਰ ਕੇ।
ਹਿਰਦਾ ਖਿੜ ਜਾਂਦਾ ਹੈ ਸੱਜਣਾ ਦਰਸ਼ਨ ਤੇਰੇ ਕਰ ਕੇ।

ਜਿਸ ਦਿਨ ਤੂੰ ਨਹੀਂ ਦਿਸਦਾ ਰਹਿੰਦੀ ਰੂਹ ਮੇਰੀ ਕੁਰਲਾਉਂਦੀ।
ਦਿਨ ਲੰਘਦਾ  ਤੜਫਦਿਆਂ ਰਾਤੀਂ ਨੀਂਦ ਨਾ ਨੈਣੀ ਆਉਂਦੀ।
ਮੁੜ ਮੁੜ ਕੇ ਉੱਠਦਾ ਹਾਂ ਬੱਚਿਆਂ ਵਾਂਗੂੰ ਮੈਂ ਡਰ ਡਰ ਕੇ।
ਹਿਰਦਾ ਖਿੜ ਜਾਂਦਾ ਹੈ ਸੱਜਣਾ ਦਰਸ਼ਨ ਤੇਰੇ ਕਰ ਕੇ।

ਤੱਕ ਸੂਰਤ ਤੇਰੀ ਨੂੰ ਜਾਂਦੀਆਂ ਲੱਗ ਖੁਸ਼ੀਆਂ ਦੀਆਂ ਝੜੀਆਂ।
ਕੰਧਾਂ ਵੀ ਜਾਪਦੀਆਂ ਪਨਾਗਾ ਨਾਲ਼ ਮੋਤੀਆਂ ਜੜੀਆਂ।
ਜੰਨਤ ਹੈ ਮਿਲ ਜਾਂਦੀ ਮਿਲਦੀ ਜੋ ਲੋਕਾਂ ਨੂੰ ਮਰ ਕੇ
ਹਿਰਦਾ ਖਿੜ ਜਾਂਦਾ ਹੈ ਸੱਜਣਾ ਦਰਸ਼ਨ ਤੇਰੇ ਕਰ ਕੇ

No comments:

Post a Comment