Sunday 19 April 2020

ਮਿੱਟੀ ਵਿੱਚ ਰੋਲ਼ ਨਾ ਸ਼ੇਰਾ ਅਪਣੀ ਮਾਂ ਰਾਣੀ ਨੂੰ।

ਕੁੱਝ ਤਾਂ ਕਰ ਖ਼ੌਫ਼ ਖ਼ੁਦਾ ਦਾ, ਕੁੱਝ ਤਾਂ ਵੀਚਾਰ ਓਇ।
ਸਾਰੇ ਸੁਖ ਜਿਸ ਨੇ ਦਿੱਤੇ ਤੇਰੇ ਤੋਂ ਵਾਰ ਓਇ।
ਤੈਨੂੰ ਜਿਸ ਦੁੱਧ ਚੁੰਘਾਇਆ ਤਰਸੇ ਕਿਉਂ ਪਾਣੀ ਨੂੰ?
ਮਿੱਟੀ ਵਿੱਚ ਰੋਲ਼ ਨਾ ਸ਼ੇਰਾ ਅਪਣੀ ਮਾਂ ਰਾਣੀ ਨੂੰ।

ਕਿੰਨੇ ਉਸ ਕਸ਼ਟ ਸਹਾਰੇ ਤੈਨੂੰ ਜਦ ਜਾਇਆ ਸੀ।
ਗਿੱਲੇ ਰਹੀ ਸੌਂਦੀ ਖ਼ੁਦ ਉਹ, ਸੁੱਕੇ ਤੂੰ ਪਾਇਆ ਸੀ।
ਥੱਕ ਗਈ ਸੁਲ਼ਝਾਉਂਦੀ ਤੇਰੀ ਜ਼ਿੰਦਗੀ ਦੀ ਤਾਣੀ ਨੂੰ।
ਮਿੱਟੀ ਵਿੱਚ ਰੋਲ਼ ਨਾ ਸ਼ੇਰਾ ਅਪਣੀ ਮਾਂ ਰਾਣੀ ਨੂੰ।

ਭੁੱਲ ਗਿਆ ਕਿਉਂ ਬੀਬਾ ਉਹਨੇ ਲਾਡ ਲਡਾਏ ਜੋ?
ਬਣਿਆਂ ਕੁੱਝ ਵੇਖਣ ਦੇ ਲਈ ਕਸ਼ਟ ਉਠਾਏ ਜੋ?
ਪੀੜੀ ਜਿੰਦ ਤੇਰੀ ਖਾਤਰ, ਪੀੜੀਏ ਜਿਉਂ ਘਾਣੀ ਨੂੰ।
ਮਿੱਟੀ ਵਿੱਚ ਰੋਲ਼ ਨਾ ਸ਼ੇਰਾ ਅਪਣੀ ਮਾਂ ਰਾਣੀ ਨੂੰ।

ਉਹਨੂੰ ਜੇ ਰਿਹਾ ਰੁਆਉਂਦਾ ਇੱਕ ਦਿਨ ਤੂੰ ਰੋਏਂਗਾ।
ਓਹੀ ਪਊ ਵੱਢਣਾ ਆਖਰ ਜੋ ਵੀ ਅੱਜ ਬੋਏਂਗਾ।
ਭੁੱਲਿਆ ਕਿਉਂ ਫਿਰੇਂ ਪਨਾਗਾ ਬਾਤ ਸਿਆਣੀ ਨੂੰ।
ਮਿੱਟੀ ਵਿੱਚ ਰੋਲ਼ ਨਾ ਸ਼ੇਰਾ ਅਪਣੀ ਮਾਂ ਰਾਣੀ ਨੂੰ।

No comments:

Post a Comment