Sunday 19 April 2020

ਆਪਣੇ ਲੱਗਣ ਲੋਕ ਸਾਰੇ ਤੇਰੇ ਸ਼ਹਿਰ ਦੇ।



ਆਪਣੇ ਲੱਗਣ ਲੋਕ ਸਾਰੇ ਤੇਰੇ ਸ਼ਹਿਰ ਦੇ।
ਕੰਡੇ ਵੀ ਨੇ ਲੱਗਦੇ ਪਿਆਰੇ ਤੇਰੇ ਸ਼ਹਿਰ ਦੇ।
ਝੋਲ਼ੀ ਵਿੱਚ ਪਾਇਆ ਜੀਹਨੇ ਤੇਰੇ ਜਿਹਾ ਫੁੱਲ ਮੇਰੇ
ਲੱਖ ਵਾਰੀ ਜਾਵਾਂ ਵਾਰੇ ਵਾਰੇ ਤੇਰੇ ਸ਼ਹਿਰ ਦੇ।
ਔੜਾਂ ਮਾਰੀ ਰੋਹੀ ਬੀਆਬਾਨ ਮੇਰੀ ਜ਼ਿੰਦਗੀ ਚ
ਖਿੜ ਗਈ ਬਹਾਰ ਹੈ ਸਹਾਰੇ ਤੇਰੇ ਸ਼ਹਿਰ ਦੇ।
ਫੁੱਲਾਂ ਨਾਲ਼ ਸਜੇ ਸਾਰੇ ਰਸਤੇ ਲੱਗਣ ਇਹਦੇ
ਢਾਰੇ ਵੀ ਨੇ ਲੱਗਦੇ ਚੁਬਾਰੇ ਤੇਰੇ ਸ਼ਹਿਰ ਦੇ।
ਜੰਨਤ ਦਾ ਪਾਉਂਦੇ ਨੇ ਭੁਲੇਖਾ ਹਰ ਵੇਲ਼ੇ ਰਹਿੰਦੇ
ਹੱਦੋਂ ਵੱਧ ਸੁੰਦਰ ਨਜ਼ਾਰੇ ਤੇਰੇ ਸ਼ਹਿਰ ਦੇ।
ਸ਼ਹਿਦ ਜਿਹਾ ਆਉਂਦਾ ਹੈ ਸੁਆਦ ਘੁੱਟ ਭਰਾਂ ਜਦੋਂ
ਲੋਕੀ ਭਾਂਵੇਂ ਕਹਿਣ ਪਾਣੀ ਖਾਰੇ ਤੇਰੇ ਸ਼ਹਿਰ ਦੇ।
ਲੱਗਦੀਆਂ ਦਾਖਾਂ ਕੌੜੀ ਨਿੰਮ ਦੀਆਂ ਟਾਹਣੀਆਂ ਨੂੰ
ਅੱਕਾਂ ਨੂੰ ਵੀ ਲੱਗਦੇ ਛੁਹਾਰੇ ਤੇਰੇ ਸ਼ਹਿਰ ਦੇ।
ਆਉਂਦੀ ਹੈ ਆਵਾਜ਼ ਸਦਾ ਦਿਲ ਚੋਂ ਪਨਾਗ ਦੇ ਤਾਂ
ਸਦਾ ਰਹਿਣ ਰੋਸ਼ਨ ਸਿਤਾਰੇ ਤੇਰੇ ਸ਼ਹਿਰ ਦੇ।

No comments:

Post a Comment