Sunday 19 April 2020

ਭੁੱਲ ਗਏ ਸੰਸਾਰ ਦੇ ਕੰਮ ਕਾਰ ਲੋਕੀ ਭੁੱਲ ਗਏ।




ਭੁੱਲ ਗਏ ਸੰਸਾਰ ਦੇ ਕੰਮ ਕਾਰ ਲੋਕੀ ਭੁੱਲ ਗਏ।
ਭੁੱਲ ਗਏ ਦੁਸ਼ਮਣ ਅਤੇ ਦਿਲਦਾਰ ਲੋਕੀ ਭੁੱਲ ਗਏ।
ਹਰ ਤਰਫ਼ ਅਣਦੇਖਿਆ ਦਿਸਦਾ ਫਰਿਸ਼ਤਾ ਮੌਤ ਦਾ
ਖਿੜ ਰਹੇ ਬਾਗਾਂ ਚ ਗੁਲ ਗੁਲਜ਼ਾਰ ਲੋਕੀ ਭੁੱਲ ਗਏ।
ਠਰ ਗਿਆ ਹੈ ਖੂਨ ਵਗਦਾ ਰਗਾਂ ਵਿੱਚ ਇਨਸਾਨ ਦੇ
ਰਹਿ ਗਏ ਨਾਂ ਰਿਸ਼ਤਿਆਂ ਦੇ, ਪਿਆਰ ਲੋਕੀ ਭੁੱਲ ਗਏ।
ਜਾਨ ਅਪਣੀ ਦਾ ਫ਼ਿਕਰ ਹੈ ਸਿਰਫ਼ ਚੇਤੇ ਰਹਿ  ਗਿਆ
ਅਪਣਿਆਂ ਦਾ ਅੱਜ ਤਾਂ ਸਸਕਾਰ ਲੋਕੀ ਭੁੱਲ ਗਏ।
ਸਿੱਖ ਲਈਆਂ ਕਰਨੀਆਂ ਗੱਲਾਂ ਦੀਵਾਰਾਂ ਨਾਲ਼ ਹੁਣ
ਮਹਿਫਲਾਂ ਦੀਆਂ ਰੌਣਕਾਂ ਤੇ ਯਾਰ ਲੋਕੀ ਭੁੱਲ ਗਏ।
ਸਮਝਦੇ ਖ਼ੁਦ ਨੂੰ ਸੀ ਜੋ ਸੰਸਾਰ ਦਾ ਦੂਜਾ ਖ਼ੁਦਾ
ਹੱਥ ਬੰਨ੍ਹੀ ਖੜ੍ਹੇ ਨੇ, ਹਥਿਆਰ ਲੋਕੀ ਭੁੱਲ ਗਏ।
ਮੌਤ ਨੱਚਦੀ ਵਿੱਚ ਬੰਦੇ ਕੁੱਝ ਕੱਫਣ ਬੰਨ੍ਹ ਸਿਰੀਂ
ਜੁਟ ਗਏ ਸੇਵਾ ਦੇ ਵਿੱਚ, ਪਰਿਵਾਰ ਲੋਕੀ ਭੁੱਲ ਗਏ।
ਘੁੰਮਿਆਂ ਹਾਲਾਤ ਦਾ ਪਹੀਆ ਪਨਾਗਾ ਇਸ ਤਰਾਂ
ਆ ਗਿਆ ਚੇਤੇ, ਸੀ ਜੋ ਕਰਤਾਰ ਲੋਕੀ ਭੁੱਲ ਗਏ।

No comments:

Post a Comment