Sunday 19 April 2020

ਮਾਂ ਬੋਲੀ ਜਿਹੀ ਮਿੱਠੀ ਲੱਗਦੀ ਬੋਲੀ ਕਦੇ ਬਿਗਾਨੀ ਨਹੀਂ।




ਮਾਂ ਬੋਲੀ ਜਿਹੀ ਮਿੱਠੀ ਲੱਗਦੀ ਬੋਲੀ ਕਦੇ ਬਿਗਾਨੀ ਨਹੀਂ।
ਚਾਲ ਚ ਉਹਦੀ ਆ ਸਕਦੀ ਮੁਟਿਆਰਾਂ ਜਿਹੀ ਰਵਾਨੀ ਨਹੀਂ।

ਅਰਥ ਨਹੀਂ ਕੋਈ ਰੱਖਦੇ ਤੇਰੇ ਮਹਿੰਗੇ ਤੋਹਫ਼ੇ ਦਿੱਤੇ ਹੋਏ
ਦਿਲ ਅਪਣਾ ਜੇ ਕਦੇ ਕਿਸੇ ਨੂੰ ਦਿੱਤਾ ਪਿਆਰ ਨਿਸ਼ਾਨੀ ਨਹੀਂ।

ਸਾਰੀ ਦੁਨੀਆਂ ਨੂੰ ਤੂੰ ਧੋਖਾ ਦੇ ਸਕਦਾ ਹੈਂ ਲੇਕਿਨ ਮਿੱਤਰਾ
ਕਦੇ ਆਤਮਾ ਅਪਣੀ ਨੂੰ ਤੂੰ ਦੇ ਸਕਦਾ ਝਕਿਆਨੀ ਨਹੀਂ।

ਦਿਲ ਅਪਣੇ ਵਿੱਚ ਹਾਸੇ ਖੁਸ਼ੀਆਂ ਸਦਾ ਸਮੋਈ ਰੱਖੀਏ ਜੇਕਰ
ਧੌਲ਼ੇ ਤਾਂ ਆ ਸਕਦੇ ਨੇ ਸੰਗ ਛੱਡਦੀ ਕਦੇ ਜਵਾਨੀ ਨਹੀਂ।

ਨਾਲ਼ ਅਣਖ ਦੇ ਜੀਣਾ ਜਾਣੇ ਜੋ ਅਪਣਾ ਸਿਰ ਉੱਚਾ ਰੱਖ ਕੇ
ਸਿਰ ਸਕਦੈ ਕਟਵਾ ਕਿਸੇ ਦੀ ਭਰਦਾ ਕਦੇ ਛਿਆਨੀ ਨਹੀਂ।

ਮੰਜ਼ਿਲ ਵੱਲ ਨੂੰ ਤੁਰ ਕੇ ਵੀ ਜੇ ਮੁੜ ਮੁੜ ਪਿੱਛੇ ਤੱਕਦੇ ਰਹੀਏ
ਆ ਸਕਦਾ ਕਦਮਾਂ ਵਿੱਚ ਸਾਡੇ ਤਿੱਖਾ ਵੇਗ ਤੂਫ਼ਾਨੀ ਨਹੀਂ।

ਕੂੜਾ ਕਰਕਟ ਦਿਲ ਵਿੱਚ ਕੱਠਾ ਹੋ ਜਾਂਦਾ ਹੈ ਬੇਹਿਸਾਬਾ
ਕੱਢ ਕੇ ਸੁੱਟਣ ਦੀ ਜੇ ਉਹਨੂੰ ਕਰਦੇ ਕੋਸ਼ਿਸ਼ ਦਾਨੀ ਨਹੀਂ।

ਹੰਸ ਨਹੀਂ ਉਹਨੂੰ ਕਾਂ ਹੀ ਸਮਝੋ ਜੂਨ ਹੰਸ ਦੀ ਆ ਵੀ ਜਿਹੜਾ
ਚੁੰਝ ਗੰਦੇ ਵਿੱਚ ਪਾਉਂਦਾ ਫਿਰਦਾ, ਮੰਨਦਾ ਰਤਾ ਗਿਲਾਨੀ ਨਹੀਂ।

ਅੰਬਰ ਓਹੀ ਛੂੰਹਦਾ ਹੈ ਜੋ ਰੱਖ ਹੌਸਲਾ, ਕਰ ਕੇ ਹਿੰਮਤ
ਅਪਣੇ ਪਰਾਂ ਸਹਾਰੇ ਉਡਦਾ, ਰੱਖਦਾ ਆਸ ਬਿਗਾਨੀ ਨਹੀਂ।

ਲੱਖ ਲਗਾਈਏ ਜ਼ੋਰ ਪਨਾਗਾ ਜੱਗ ਨੂੰ ਜ਼ਾਹਰ ਹੋਣ ਨਹੀਂ ਦੇਣੀ
ਅੱਖਾਂ ਵਿੱਚੋਂ ਦਿਸ ਪੈਂਦੀ ਹੈ ਛੁਪਦੀ ਸੋਚ ਸ਼ੈਤਾਨੀ ਨਹੀਂ।

No comments:

Post a Comment