Sunday 19 April 2020

ਹੁਣੇ ਕਿਉਂ ਆਸ ਛੱਡ ਬੈਠਾ ਜ਼ਿੰਦਗੀ ਹੋਰ ਬਾਕੀ ਹੈ। ਅਜੇ ਤਾਂ ਪਰਖਣਾ ਖੰਭਾਂ ਦਾ ਤੇਰੇ ਜ਼ੋਰ ਬਾਕੀ ਹੈ।




ਹੁਣੇ ਕਿਉਂ ਆਸ ਛੱਡ ਬੈਠਾ ਜ਼ਿੰਦਗੀ ਹੋਰ ਬਾਕੀ ਹੈ।
ਅਜੇ ਤਾਂ ਪਰਖਣਾ ਖੰਭਾਂ ਦਾ ਤੇਰੇ ਜ਼ੋਰ ਬਾਕੀ ਹੈ।   

ਤੂਫ਼ਾਨੀ ਬੁੱਲਿਆਂ ਦਾ ਕਹਿਰ ਹਾਲੇ ਖ਼ਤਮ ਨਹੀਂ ਹੋਇਆ
ਗਰਜਦੀ ਹਵਾ ਦਾ ਅਸਮਾਨ ਦੇ ਵਿੱਚ ਸ਼ੋਰ ਬਾਕੀ ਹੈ।

ਮੂਸਲ਼ੇਧਾਰ ਬਾਰਿਸ਼ ਥੰਮ੍ਹ ਗਈ ਕੁੱਝ ਦੇਰ ਲਈ ਭਾਂਵੇਂ
ਛਾਈ ਆਕਾਸ਼ ਤੇ ਐਪਰ ਘਟਾ ਘਣਘੋਰ ਬਾਕੀ ਹੈ।

ਅਜੇ ਤਾਂ ਕਲਮ ਤੇਰੀ ਨੇ ਕੋਈ ਸ਼ਾਹਕਾਰ ਰਚਣਾ ਹੈ
ਏਸ ਮੁਟਿਆਰ ਦਾ ਤੁਰਨਾ ਮੜਕ ਦੀ ਤੋਰ ਬਾਕੀ ਹੈ।

ਲੜਾਈ ਨ੍ਹੇਰਿਆਂ ਦੇ ਨਾਲ਼ ਹਾਲੇ ਹੋਰ ਲੜਨੀ ਹੈ
ਅਜੇ ਤਾਂ ਸਿਰਜਣਾ ਸੂਰਜ ਨਵਾਂ ਕੋਈ ਹੋਰ ਬਾਕੀ ਹੈ।

ਉਗਾਉਣਾ ਧਰਤ ਸਾਰੀ ਤੇ ਹੈ ਖੁਸ਼ਬੋਦਾਰ ਫੁੱਲਾਂ ਨੂੰ
ਏਸ ਦੀ ਹਿੱਕ ਤੇ ਕੰਡਿਆਂ ਭਰੀ ਕੁੱਝ ਥੋਹਰ ਬਾਕੀ ਹੈ।

ਪਨਾਗਾ ਬਹੁਤ ਆਸਾਂ ਨੇ ਤੇਰੇ ਮਿੱਤਰਾਂ ਨੂੰ ਤੇਰੇ ਤੋਂ
ਉਨ੍ਹਾਂ ਦੇ ਸੁਪਨਿਆਂ ਉੱਤੇ ਲਗਾਉਣੀ ਮੋਹਰ ਬਾਕੀ ਹੈ।

No comments:

Post a Comment