Sunday 19 April 2020

ਸੌੜੇ ਨੇ ਹਿਰਦੇ ਹੋ ਗਏ, ਚੌੜਾ ਹਰ ਰਸਤਾ ਹੋ ਗਿਆ।




ਸੌੜੇ ਨੇ ਹਿਰਦੇ ਹੋ ਗਏ, ਚੌੜਾ ਹਰ ਰਸਤਾ ਹੋ ਗਿਆ।
ਮਹਿੰਗੇ ਪਦਾਰਥ ਹੋ ਗਏ, ਇਨਸਾਨ ਸਸਤਾ ਹੋ ਗਿਆ।
ਹੋ ਗਿਆ ਉੱਚਾ ਬਹੁਤ ਪੱਧਰ ਰਹਿਣ ਤੇ ਸਹਿਣ ਦਾ
ਕੀਮਤਾਂ ਕਦਰਾਂ ਦਾ ਪਰ ਹੈ ਹਾਲ ਖਸਤਾ ਹੋ ਗਿਆ।
ਖੋਹ ਲਈ ਬਚਪਨ ਦੀ ਲੱਜ਼ਤ ਯੋਗਤਾ ਦੀ ਦੌੜ ਨੇ
ਕੱਦ ਛੋਟੇ ਰਹਿ ਗਏ, ਭਾਰਾ ਹੈ ਬਸਤਾ ਹੋ ਗਿਆ।
ਹੱਲ ਜਿੰਨੇ ਕਰੇ ਨੇ ਮਸਲੇ ਜਗਤ ਦੇ ਗਿਆਨ ਨੇ
ਓਸ ਤੋਂ ਵੱਧ ਨਾਲ਼ ਹੈ ਬੰਦਾ ਵਾਬਸਤਾ ਹੋ ਗਿਆ।
ਬਹੁਤ ਕਰਦੇ ਹਾਂ ਕਮਾਈਆਂ, ਖਰਚ ਰਾਹ ਦਿੰਦੇ ਨਹੀਂ
ਲੱਗਦੈ ਹਰ ਚੀਜ਼ ਦਾ ਸੋਨੇ ਦਾ ਦਸਤਾ ਹੋ ਗਿਆ।
ਹੋ ਗਏ ਲੰਬੇ ਪਨਾਗਾ ਬਹੁਤ ਹੱਥ ਕਾਨੂੰਨ ਦੇ
ਜੁਰਮ ਦਾ ਅੱਡਾ ਹੈ ਫਿਰ ਵੀ ਹਰ ਚੁਰੱਸਤਾ ਹੋ ਗਿਆ।

No comments:

Post a Comment