Wednesday 22 May 2019

ਗ਼ਜ਼ਲ --- ਕੁੱਝ ਲੋਕੀ ਤਾਂ ਖੇਡ੍ਹਣ ਸਦਾ ਹਵਾਵਾਂ ਨਾਲ਼। ਕੁੱਝ ਦੀ ਕਿਸਮਤ ਲੜਦੇ ਰਹਿਣ ਬਲਾਵਾਂ ਨਾਲ਼।






ਕੁੱਝ ਲੋਕੀ ਤਾਂ ਖੇਡ੍ਹਣ ਸਦਾ ਹਵਾਵਾਂ ਨਾਲ਼।
ਕੁੱਝ ਦੀ ਕਿਸਮਤ ਲੜਦੇ ਰਹਿਣ ਬਲਾਵਾਂ ਨਾਲ਼।
ਬਾਂਹਵਾਂ ਖੋਲ੍ਹ ਕੇ ਮੰਜ਼ਲ ਮਿਲਦੀ ਕਈਆਂ ਨੂੰ
ਕਈਆਂ ਦੇ ਦਿਨ ਲੰਘਦੇ ਲੜਦਿਆਂ ਰਾਹਵਾਂ ਨਾਲ਼।
ਹਾਸੇ ਤਾਂ ਖੁਦ ਹਲਕੇ ਫੁਲਕੇ ਹੁੰਦੇ ਨੇ
ਦੁੱਖ ਦਾ ਭਾਰ ਘਟਾਉਣਾ ਪੈਂਦਾ ਧਾਹਵਾਂ ਨਾਲ਼।
ਵਾਧੂ ਬੋਝ ਨੇ ਸਮਝਣ ਲਗਦੇ ਮਾਪਿਆਂ ਨੂੰ
ਬੱਚੇ ਜਿਹੜੇ ਪਾਲ਼ੇ ਹੁੰਦੇ ਚਾਵਾਂ ਨਾਲ਼।
ਸਿੱਧੇ ਕੀਤੇ ਕੰਮ ਦੁਨੀਆਂ ਭੁੱਲ ਜਾਂਦੀ ਹੈ
ਲੇਖਾ ਹੁੰਦਾ ਗਿਣ ਗਿਣ ਸਦਾ ਖ਼ਤਾਵਾਂ ਨਾਲ਼।
ਵਾਲ਼ ਨਾ ਵਿੰਗਾ ਕਰ ਸਕਦੇ ਰਲ਼ ਕੁੱਲ ਦੁਸ਼ਮਣ
ਹੇਣ ਜੇ ਸੱਚੇ ਮਿੱਤਰਾਂ ਦੀਆਂ ਦੁਆਵਾਂ ਨਾਲ਼।
ਨ੍ਹੇਰੇ ਵਿੱਚ ਵੀ ਲੈਣ ਪਨਾਗਾ ਲੱਭ ਰਸਤਾ
ਬੰਦੇ ਸਿਦਕੀ ਤਾਰਿਆਂ ਦੀਆਂ ਸ਼ੁਆਵਾਂ ਨਾਲ਼।

ਗ਼ਜ਼ਲ --- ਨ੍ਹੇਰੀ ਬਣ ਅੱਜ ਯਾਦਾਂ ਆਈਆਂ ਜਦੋਂ ਹਾਣੀਆਂ ਦੀਆਂ।



ਨ੍ਹੇਰੀ ਬਣ ਅੱਜ ਯਾਦਾਂ ਆਈਆਂ ਜਦੋਂ ਹਾਣੀਆਂ ਦੀਆਂ।
ਗਈਆਂ ਖੋਲ੍ਹ ਕਿਤਾਬਾਂ ਬਚਪਨ ਦੀਆਂ ਕਹਾਣੀਆਂ ਦੀਆਂ।
ਕੁੱਝ ਤੁਰ ਗਏ ਕੁੱਝ ਏਧਰ ਓਧਰ ਖਿੱਲਰੇ ਬੈਠੇ ਨੇ
ਮੁੱਕ ਗਈਆਂ ਨੇ ਸਾਂਝਾਂ ਚਾਹਾਂ ਅਤੇ ਪਾਣੀਆਂ ਦੀਆਂ।
ਸਭ ਕੁੱਝ ਮਿਲਿਐ ਜਿੰਦਗੀ ਤੋਂ ਸ਼ਿਕਵਾ ਨਹੀਂ ਕੋਈ ਪਰ
ਰੀਸਾਂ ਨਹੀਂ ਮਾਪਿਆਂ ਦੇ ਸਿਰ ਤੇ ਮੌਜਾਂ ਮਾਣੀਆਂ ਦੀਆਂ।
ਹੁਣ ਨਾ ਟੱਲੀਆਂ ਸੁਣਦੀਆਂ ਬਲ਼ਦਾਂ ਦੇ ਗਲ਼ ਖੜਕਦੀਆਂ
ਤੜਕਸਾਰ ਨਾ ਸੁਣਨ ਅਵਾਜਾਂ ਕਿਤੇ ਮਧਾਣੀਆਂ ਦੀਆਂ।
ਦੁਧੀਂ ਨ੍ਹਾਵੇਂ ਪੁੱਤੀਂ ਫਲ਼ੇਂ ਨਾ ਕੇਈ ਕਹਿੰਦੀ ਹੁਣ
ਦਿੱਤੀਆਂ ਵਕਤ ਅਸੀਸਾਂ ਬਦਲ ਬਜੁਰਗ ਸੁਆਣੀਆਂ ਦੀਆਂ।
ਗੋਡੇ ਦੁਖਦੇ ਇੱਕ ਦੇ ਮੋਢੇ ਦੁਖਦੇ ਦੂਜੇ ਦੇ
ਰਹੀਆਂ ਨਹੀਂ ਤਸੀਰਾਂ ਹੁਣ ਉਹ ਹਵਾ ਪਾਣੀਆਂ ਦੀਆਂ।
ਲੁੱਟਾਂ ਖੋਹਾਂ ਖੁਦਕਸ਼ੀਆਂ ਹੱਤਿਆਵਾਂ ਜਬਰ ਜਨਾਹ
ਬੱਸ ਏਹੋ ਰਹਿ ਗਈਆਂ ਖ਼ਬਰਾਂ ਪੰਜ ਪਾਣੀਆਂ ਦੀਆਂ।
ਮੁੱਕਣ ਦੇ ਰਾਹ ਪੈ ਗਈ ਦੁਨੀਆਂ ਧੀਆਂ ਰਹੀ ਮੁਕਾ
ਕੁੱਖਾਂ ਵਿੱਚੋ ਚੀਖਾਂ ਆਉਂਦੀਆਂ ਸੁਣਨ ਨਿਮਾਣੀਆਂ ਦੀਆਂ।
ਸ਼ੋਰ ਪਨਾਗਾ ਸੁਣਦਾ ਹਰ ਥਾਂ ਲੱਚਰ ਗੀਤਾਂ ਦਾ
ਭੁੱਲ ਚੱਲੀਆਂ ਨੇ ਸੁਣੀਆਂ ਹੋਈਆਂ ਤੁਕਾਂ ਬਾਣੀਆਂ ਦੀਆਂ।

ਗ਼ਜ਼ਲ -- ਸੋਨ ਚਿੜੀ ਦੀ ਸੁਣੀ ਕਹਾਣੀ। ਲੱਗੇ ਹੋ ਗਈ ਬਹੁਤ ਪੁਰਾਣੀ।





ਸੋਨ ਚਿੜੀ ਦੀ ਸੁਣੀ ਕਹਾਣੀ।
ਲੱਗੇ ਹੋ ਗਈ ਬਹੁਤ ਪੁਰਾਣੀ।
ਖੁਦਗਰਜਾਂ ਵਸ ਪੈ ਕੇ ਹੁਣ ਤਾਂ
ਜਾਪੇ ਸਹਿਕ ਰਹੀ ਮਰ ਜਾਣੀ।
ਪੀ ਗਈ ਖੂਨ ਜਿਗਰ ਚੋਂ ਉਹਦੇ
ਬੇਸ਼ਰਮਾਂ ਦੀ ਹਾਕਮ ਢਾਣੀ।
ਰੰਗਲੇ ਖਾਬ ਦਿਖਾ ਦਿਨ ਦੀਵੀਂ
ਲੁੱਟੀ ਜਾਦੇ ਰਾਜਾ ਰਾਣੀ।
ਮਾਰੋ ਮਾਰੋ ਕਰਦੇ ਨੇ ਸਭ
ਕਰਦਾ ਨਾ ਕੋਈ ਗੱਲ ਸਿਆਣੀ।
ਚਾਕੂ ਛੁਰੀਆਂ ਵਿੱਚ ਘਿਰੇ ਹਾਂ
ਡਾਢੀ ਮੁਸ਼ਕਲ ਜਿੰਦ ਬਚਾਣੀ।
ਹਰ ਖਾਣੇ ਵਿੱਚ ਜ਼ਹਿਰ ਮਿਲੀ ਹੈ
ਪੈਂਦੀ ਨਹੀਂ ਹੁਣ ਮਿਥ ਕੇ ਖਾਣੀ।
ਨੀਟ ਹੀ ਹੁਣ ਤਾਂ ਪੀਣੀ ਪੈਂਦੀ
ਹੋ ਗਿਆ ਹੈ ਜ਼ਹਿਰੀਲਾ ਪਾਣੀ।
ਡਰ ਦੇ ਨਾਲ਼ ਰਹੇ ਮਰ ਮਾਪੇ
ਖ਼ਤਰੇ ਵਿੱਚ ਹਰ ਧੀ ਧਿਆਣੀ।
ਅੰਬਰ ਛੋਹਣ ਕੀਮਤਾਂ ਏਥੇ
ਸੌਂਦੀ ਜੰਤਾ ਭੁੱਖਣ ਭਾਣੀ।
ਵਸ ਤੋਂ ਬਾਹਰ ਗਏ ਹੋ ਖਰਚੇ
ਨਾਲ਼ ਫਿਕਰ ਦੇ ਮਰੇ ਸੁਆਣੀ।
ਮਾਰ ਛਲਾਂਗਾਂ ਵਧੇ ਆਬਾਦੀ
ਆਏ ਨਾ ਕਾਬੂ ਖਸਮਾਂ ਖਾਣੀ।
ਭੁੱਲ ਗਏ ਲੋਕ ਨਾਗਣੀ ਕਾਲ਼ੀ
ਚਿੱਟੇ ਐਸੀ ਚਾਦਰ ਤਾਣੀ।
ਸਾਧੂ ਭੇਸ ਬਣਾਇਆ ਚੋਰਾਂ
ਅਸਲੀਅਤ ਨਾ ਜਾਏ ਪਛਾਣੀ।
ਸ਼ੋਰ ਸਿਆਸੀ ਵਿੱਚ ਕਿਸੇ ਨੂੰ
ਔਖੀ ਲੱਗੇ ਪੀੜ ਸੁਣਾਣੀ।
ਡੋਰ ਦਈਏ ਹੱਥਾਂ ਵਿੱਚ ਕੀਹਦੇ
ਦੁਬਿਧਾ ਵੱਚ ਹੈ ਜਿੰਦ ਨਿਮਾਣੀ।
ਮੱਖਣ ਦੀ ਨਾ ਆਸ ਪਨਾਗਾ
ਪਾਣੀ ਦੇ ਵਿੱਚ ਫਿਰੇ ਮਧਾਣੀ।

ਗੀਤ -- ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।






                 ਕੀਹਦੇ ਹੱਥ ਸੁਨੇਹਾ ਘੱਲਾਂ
ਇਸ ਮਨ ਦੀਆਂ ਖਾਹਸ਼ਾਂ ਨੂੰ ਕਿੱਦਾਂ ਬੰਨ੍ਹ ਮਾਰ ਕੇ ਠੱਲ੍ਹਾਂ।
ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।

ਮੁੜ ਕੇ ਨਾ ਆਇਆ ਹੈ ਲੰਮੀ ਤੁਰ ਗਿਆ ਮਾਰ ਉਡਾਰੀ।
ਹੋ ਕਮਲ਼ੀ ਚੱਲੀ ਹੈ ਪਿੱਛੇ ਰਹਿ ਗਈ ਕੂੰਜ ਵਿਚਾਰੀ।
ਵਗ ਤੁਰਦੀਆਂ ਅੱਖਾਂ ਚੋਂ ਉੱਠਦੀਆਂ ਜੋ ਦਿਲ ਦੇ ਵਿੱਚ ਛੱਲਾਂ।
ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।

ਕਰਦਾ ਨਾ ਫੋਨ ਕਦੇ ਕਿੰਝ ਕੋਈ ਦਿਲ ਦਾ ਦੁੱਖੜਾ ਫੋਲੇ।
ਪਾ ਚੂਰੀ ਥੱਕ ਗਈ ਹਾਂ ਨਾ ਕੋਈ ਕਾਗ ਬਨੇਰੇ ਬੋਲੇ।
ਇਸ ਪੀੜ ਜਿਗਰ ਦੀ ਨੂੰ ਸਮਝ ਨਾ ਆਵੇ ਕੀਕਣ ਝੱਲਾਂ।
ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।

ਰਹਿੰਦੀ ਹਾਂ ਬੈਠੀ ਮੈਂ ਲੈ ਪੀੜਾਂ ਨੂੰ ਵਿੱਚ ਕਲ਼ਾਵੇ।
ਕੋਈ ਦਿਸਦਾ ਦਰਦੀ ਨਾ ਜਿਹੜਾ ਦਿਲ ਦਾ ਦੁੱਖ ਵੰਡਾਵੇ।
ਕੱਲੀ ਬਹਿ ਰਾਤਾਂ ਨੂੰ ਖੁਦ ਨਾਲ਼ ਕਰਦੀ ਰਹਿੰਦੀ ਗੱਲਾਂ।
ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।

ਨਾ ਪਤਾ ਪਨਾਗਾ ਵੇ ਮੁੜ ਕੇ ਕਦ ਉਸ ਨੇ ਘਰ ਆਉਣਾ।
ਇਸ ਜਿੰਦ ਤੜਫਦੀ ਨੂੰ ਲੈ ਕੇ ਬਾਂਹੀਂ ਕੋਲ਼ ਬਿਠਾਉਣਾ।
ਕਿਤੇ ਆਉਣੋ ਪਹਿਲਾਂ ਹੀ ਨਾ ਮੈਂ ਦਰ ਅਗਲਾ ਜਾ ਮੱਲਾਂ।
ਪਰਦੇਸੀਂ ਟੁਰ ਗਏ ਨੂੰ ਕੀਹਦੇ ਹੱਥ ਸੁਨੇਹਾ ਘੱਲਾਂ।

ਗੀਤ - ਪਹਿਲਾ ਪਿਆਰ ਕਦੇ ਨਹੀਂ ਭੁੱਲਦਾ





    ਪਹਿਲਾ ਪਿਆਰ ਕਦੇ ਨਹੀਂ ਭੁੱਲਦਾ
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।
ਜੀਹਨੂੰ ਹੱਥੀਂ ਦਿਲ ਦੇ ਦਈਏ ਉਹ ਦਿਲਦਾਰ ਕਦੇ ਨਹੀਂ ਭੁੱਲਦਾ।                

ਪੌੜੀ ਦਿਨ ਸਾਲਾਂ ਦੀ ਚੜ੍ਹਦਿਆਂ, ਨਾਲ਼ ਝਮੇਲਿਆਂ ਦੇ ਨਿੱਤ ਲੜਦਿਆਂ,
ਪਹਿਲਾ ਫੁੱਲ ਸੀ ਜਿਸ ਦਿਨ ਖਿੜਿਆ ਰੋਜ਼ ਬਹਾਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਜੱਗ ਦੀ ਕੀਤੀ ਵੀ ਭੁੱਲ ਜਾਂਦੀ, ਦਾਰੂ ਪੀਤੀ ਵੀ ਭੁੱਲ ਜਾਂਦੀ,
ਉਹਦੀਆਂ ਅੱਖਾਂ ਦੇ ਵਿੱਚ ਵਸਦਾ ਮਸਤ ਖੁਮਾਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਖੀਰਾਂ ਪੂੜੇ ਨੇ ਭੁੱਲ ਜਾਂਦੇ, ਮਿੱਤਰ ਗੂੜ੍ਹੇ ਨੇ ਭੁੱਲ ਜਾਂਦੇ,
ਉਹਦੀ ਛੋਹ ਨਾਲ਼ ਦਿਲ ਨੂੰ ਚੜ੍ਹਿਆ ਤੇਜ਼ ਬੁਖਾਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਉਹਤੋਂ ਦਿਲ ਮੰਗਣਾ ਨਹੀਂ ਭੁੱਲਦਾ, ਨੀਂਵੀਂ ਪਾ ਸੰਗਣਾ ਨਹੀਂ ਭੁੱਲਦਾ।
ਉਹਦਾ ਡਰਦੇ ਡਰਦੇ ਕੀਤਾ ਕੌਲ ਕਰਾਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਭੋਗੇ ਸਾਰੇ ਸੁਖ ਭੁੱਲ ਜਾਂਦੇ, ਕੱਟੇ ਸਾਰੇ ਦੁੱਖ ਭੁੱਲ ਜਾਂਦੇ।
ਉਹਦਾ ਡੋਲ਼ੀ ਦੇ ਵਿੱਚ ਬਹਿੰਦਿਆਂ ਮੰਨਣਾ ਹਾਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਜਿੱਤਾਂ ਹਾਰਾਂ ਯਾਦ ਨਾ ਰਹਿੰਦੀਆਂ, ਮਾਰੀਆਂ ਮਾਰਾਂ ਯਾਦ ਨਾ ਰਹਿੰਦੀਆਂ।
ਰੋਣਾ ਹੋ ਕੇ ਯਾਰ ਪਨਾਗਾ ਬੇ-ਅਖ਼ਤਿਆਰ ਕਦੇ ਨਹੀਂ ਭੁੱਲਦਾ।
ਪਹਿਲਾ ਪਿਆਰ ਕਦੇ ਨਹੀਂ ਭੁੱਲਦਾ, ਜਿਗਰੀ ਯਾਰ ਕਦੇ ਨਹੀਂ ਭੁੱਲਦਾ।

ਗੀਤ - ਲੱਗਦਾ ਹੈ ਮੁੱਕ ਜਾਊ ਜਵਾਨੀ ਹੁਣ ਪੰਜਾਂ ਦਰਿਆਵਾਂ ਦੀ।



ਗੀਤ
ਸਿਵਿਆਂ ਦੇ ਵਿੱਚ ਸੜ ਸੜ ਕੇ ਮੁੱਕ ਚੱਲੀ ਲੱਕੜ ਰੁੱਖਾਂ ਦੀ।
ਸੁਣਦਾ ਨਹੀਂ ਪੁਕਾਰ ਕੋਈ ਪਰ ਵੈਣ ਪਾਉਂਦੀਆਂ ਕੁੱਖਾਂ ਦੀ।
ਬਾਪੂ ਥੱਕ ਗਏ ਮੋਢਿਆਂ ਉੱਤੇ ਅਰਥੀ ਢੋ ਢੋ ਚਾਵਾਂ ਦੀ।
ਲੱਗਦਾ ਹੈ ਮੁੱਕ ਜਾਊ ਜਵਾਨੀ ਹੁਣ ਪੰਜਾਂ ਦਰਿਆਵਾਂ ਦੀ।

ਨਸ਼ਿਆਂ ਦੇ ਸੌਦਾਗਰ ਸੁਣਦੇ ਨਹੀਂ ਹੌਕਿਆਂ ਦੀਆਂ ਅਰਜਾਂ ਨੂੰ।
ਚੇਰਾਂ ਦੇ ਨਾਲ਼ ਰਲ਼ ਕੇ ਕੁੱਤੀ ਭੁੱਲ ਗਈ ਅਪਣੇ ਫ਼ਰਜਾਂ ਨੂੰ।
ਬੋਲ਼ੇ ਹਾਕਮ ਨੂੰ ਨਹੀਂ ਸੁਣਦੀ ਹਾਹਾਕਾਰ ਹਵਾਵਾਂ ਦੀ।
ਲੱਗਦਾ ਹੈ ਮੁੱਕ ਜਾਊ ਜਵਾਨੀ ਹੁਣ ਪੰਜਾਂ ਦਰਿਆਵਾਂ ਦੀ।

ਰਹਿਬਰ ਭੁੱਖੇ ਤਾਕਤ ਦੇ ਆਪੋ ਵਿੱਚ ਲੜਦੇ ਫਿਰਦੇ ਨੇ।
ਲੱਗੀ ਅੱਗ ਸਮੁੰਦਰ ਨੂੰ ਇਹ ਮੱਛੀਆਂ ਫੜਦੇ ਫਿਰਦੇ ਨੇ।
ਪੱਥਰ ਹਿਰਦੇ ਵਿੰਨ੍ਹਦੀ ਨਹੀਂ ਕੁਰਲਾਹਟ ਰੋਂਦੀਆਂ ਮਾਂਵਾਂ ਦੀ।
ਲੱਗਦਾ ਹੈ ਮੁੱਕ ਜਾਊ ਜਵਾਨੀ ਹੁਣ ਪੰਜਾਂ ਦਰਿਆਵਾਂ ਦੀ।

ਰੋਜ਼ ਮਰਸੀਏ ਪੜ੍ਹਨੇ ਪੈਂਦੇ ਗਾਉਣਾ ਭੁੱਲ ਗਏ ਵਾਰਾਂ ਨੂੰ।
ਨਹੀਂ ਹੌਸਲਾ ਪੈਂਦਾ ਉੱਠ ਕੇ ਲਾਈਏ ਹੱਥ ਅਖ਼ਬਾਰਾਂ ਨੂੰ।
ਸੂਈਆਂ ਨੇ ਲਈ ਚੂਸ ਪਨਾਗਾ ਰੱਤ ਫੌਲਾਦੀ ਬਾਂਹਵਾਂ ਦੀ।
ਲੱਗਦਾ ਹੈ ਮੁੱਕ ਜਾਊ ਜਵਾਨੀ ਹੁਣ ਪੰਜਾਂ ਦਰਿਆਵਾਂ ਦੀ।

ਗ਼ਜ਼ਲ -- ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।





ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।
ਨਹੀਂ ਫੜਦਾ ਕੋਈ ਪੱਲਾ ਏਸ ਕਰਮਾਂ ਦੀ ਮਾਰੀ ਦਾ।
ਪਾਈ ਈਮਾਨਦਾਰੀ ਦਾ ਮਖੌਟਾ ਹਰ ਕੋਈ ਫਿਰਦੈ
ਜਾਪਦੈ ਕੌਮ ਨੇ ਹੈ ਲੈ ਲਿਆ ਠੇਕਾ ਮੱਕਾਰੀ ਦਾ।
ਗਏ ਲੁਕਮਾਨ ਵੀ ਨੇ ਛੱਡ ਇਸ ਧਰਤੀ ਨੂੰ ਹੁਣ ਸਾਰੇ
ਨਹੀਂ ਲੱਭ ਸਕੇ ਜਦ ਦਾਰੂ ਉਹ ਇਸ ਮਾਰੂ ਬਿਮਾਰੀ ਦਾ।
ਬਹਿ ਗਿਆ ਰੱਬ ਵੀ ਹੁਣ ਤਾਂ ਪਾਲ਼ ਏਥੇ ਦਲਾਲਾਂ ਨੁੰ
ਉਹਦੇ ਵਰਦਾਨ ਲਈ ਭਰਨਾ ਹੈ ਪੈਂਦਾ ਢਿੱਡ ਪੁਜਾਰੀ ਦਾ।
ਫੜ ਲਿਆ ਝੂਠ ਦਾ ਦਾਮਨ ਹੈ ਘੁੱਟ ਕੇ ਏਸ ਦੇ ਲੋਕਾਂ
ਜਿਉਣਾ ਹੋ ਗਿਆ ਮੁਸ਼ਕਲ ਕਿਸੇ ਸੱਚ ਦੇ ਵਪਾਰੀ ਦਾ।
ਨਾ ਡਰ ਸਰਕਾਰ ਦਾ ਨਾ ਧਰਮ ਰਾਜੇ ਦਾ ਰਿਹਾ ਏਥੇ
ਬਿਨਾਂ ਸੰਗ ਸ਼ਰਮ ਹੁੰਦਾ ਹੈ ਨਾਚ ਚੋਰੀ ਚਕਾਰੀ ਦਾ।
ਜਾਨ ਦੀ  ਮਾਲ ਦੀ ਪਰਿਵਾਰ ਦੀ ਰਾਖੀ ਕਿਵੇਂ ਕਰੀਏ
ਫਿਕਰ ਇਹ ਲੈ ਗਿਆ ਹੈ ਰੂਪ ਹੁਣ ਇੱਕ ਮਹਾਂਮਾਰੀ ਦਾ।
ਕੋਈ ਸਰਕਾਰ ਤੇ ਕਾਨੂੰਨ ਨਾਂ ਦੀ ਚੀਜ਼ ਨਹੀਂ ਲੱਭਦੀ
ਹਰ ਤਰਫ਼ ਰਾਜ ਹੈ ਜੰਗਲ਼ ਦਾ ਤੇ ਜਾਂ ਤਰਫ਼ਦਾਰੀ ਦਾ।
ਦੂਰ ਦਿਸਹਦੇ ਤੇ ਵੀ ਕਿਰਨ ਨਹੀਂ ਕੋਈ ਆਸ ਦੀ ਦਿਸਦੀ
ਪਨਾਗਾ ਆਸਰੇ ਜਿਸ ਦੇ ਵਕਤ ਔਖਾ ਗੁਜਾਰੀਦਾ।

ਗ਼ਜ਼ਲ -- ਸ਼ਰਮ ਨਾਲ਼ ਸ਼ੈਤਾਨ ਮਰ ਗਿਆ ਚਾਲੇ ਵੇਖ ਮਨੁੱਖਾਂ ਦੇ।





ਸ਼ਰਮ ਨਾਲ਼ ਸ਼ੈਤਾਨ ਮਰ ਗਿਆ ਚਾਲੇ ਵੇਖ ਮਨੁੱਖਾਂ ਦੇ।
ਹਿਰਦੇ ਕੰਬਣ ਲੱਗ ਜਾਂਦੇ ਸੁਣ, ਜੰਗਲ਼ ਦੇ ਸਭ ਰੁੱਖਾਂ ਦੇ।
ਗਿਆ ਅਨਾਜ ਗੁਦਾਮਾਂ ਵਿੱਚ ਗਲ਼ ਬਾਕੀ ਬਚਦਾ ਚੂਹੇ ਖਾ ਗਏ
ਲੋਕਾਂ ਤੱਕ ਨਾ ਕਿਸੇ ਪੁਚਾਇਆ ਮਾਰੇ ਮਰ ਗਏ ਭੁੱਖਾਂ ਦੇ।
ਪੈਂਦਾ ਬਹੁਤ ਵਿਕਾਸ ਦਾ ਰੌਲ਼ਾ ਜੰਤਾ ਹੱਥ ਪਰ ਕੁੱਝ ਨਾ ਆਵੇ
ਕੁੱਝ ਕੁ ਟੱਬਰ ਬਣ ਗਏ ਮਾਲਕ ਕਿਰਤ ਦੇ ਸਿਰਜੇ ਸੁੱਖਾਂ ਦੇ।
ਅੰਬਰ ਗਈਆਂ ਟੱਪ ਕੀਮਤਾਂ ਹਰ ਪਾਸੇ ਹੈ ਹਾਲ ਦੁਹਾਈ 
ਸਰਕਾਰਾਂ ਤੱਕ ਪਰ ਨਾ ਪਹੁੰਚਣ ਲੋਕ ਸੁਨੇਹੇ ਦੁੱਖਾਂ ਦੇ।
ਮੱਛਰੀ ਫਿਰਦੀ ਹੈ ਬਦਮਾਸ਼ੀ ਲੁਕ ਬੈਠੇ ਕਾਨੂੰਨ ਨੇ ਡਰ ਕੇ
ਜਾਨ ਮਾਲ ਦੇ ਫਿਕਰ ਨਾਲ਼ ਉਡ ਨੂਰ ਗਏ ਸਭ ਮੁੱਖਾਂ ਦੇ।
ਰੱਜੇ ਨਾ ਨਸ਼ਿਆਂ ਦੇ ਤਸਕਰ ਚੱਲੀ ਮੁੱਕ ਜਵਾਨੀ ਭਾਂਵੇਂ
ਅੰਬਰ ਧਰਤੀ ਵਿਲਕਣ ਸੁਣ ਸੁਣ ਵੈਣ ਤੜਫਦੀਆਂ ਕੁੱਖਾਂ ਦੇ।
ਅੰਨ ਦਾਤਾ ਹੈ ਭੁੱਖਾ ਮਰਦਾ ਫਿਰੇ ਪਨਾਗਾ ਫਾਹੇ ਲੈਂਦਾ
ਵਿਹਲੇ ਹੱਥ ਸਿਰਨਾਂਵੇਂ ਲੱਭਣ ਵਿੱਚ ਪਰਦੇਸਾਂ ਟੁੱਕਾਂ ਦੇ।

ਗ਼ਜ਼ਲ -- ਤੇਰਾ ਜੇਕਰ ਦੀਦਾਰ ਨਾ ਹੁੰਦਾ।





ਤੇਰਾ ਜੇਕਰ ਦੀਦਾਰ ਨਾ ਹੁੰਦਾ।
ਦਿਲ ਮੇਰਾ ਬੇਕਰਾਰ ਨਾ ਹੁੰਦਾ।
ਦਾਨਿਆਂ ਵਿੱਚ ਮੈਂ ਵੀ ਆ ਜਾਂਦਾ
ਇਸ਼ਕ ਦਾ ਜੇ ਖੁਮਾਰ ਨਾ ਹੁੰਦਾ।
ਕੋਈ ਕੱਟਦਾ ਨਾ ਪਰਬਤ ਨਾਲ਼ ਤੇਸੇ
ਵਿੱਚ ਦੁਨੀਆਂ ਜੇ ਪਿਆਰ ਨਾ ਹੁੰਦਾ।
ਮੁਹੱਬਤ ਬੂੰਦ ਬਣ ਨਾ ਬਰਸਦੀ ਜੇ
ਕਦੇ ਮੌਸਮ ਬਹਾਰ ਨਾ ਹੁੰਦਾ।
ਪਿਆਰ ਕੁਦਰਤ ਦਾ ਜੇ ਨਾ ਫੁੱਲ ਬਣਦਾ
ਮਹਿਕਦਾ ਇਹ ਦਿਆਰ ਨਾ ਹੁੰਦਾ।
ਤੇਰੀ ਚਾਹਤ ਜੇ ਅੰਦਰ ਧੜਕਦੀ ਨਾ
ਇਹ ਦਿਲ ਬੇ-ਅਖ਼ਤਿਆਰ ਨਾ ਹੁੰਦਾ।
ਜੇ ਨਾ ਆਸ਼ਕ ਪਨਾਗਾ ਜਾਨ ਦਿੰਦੇ
ਵਿੱਚ ਨਾਇਕਾਂ ਸ਼ੁਮਾਰ ਨਾ ਹੁੰਦਾ।

ਗ਼ਜ਼ਲ - ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ।

ਗ਼ਜ਼ਲ
ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ।
ਬੋਲ਼ੇ ਕੰਨਾਂ ਨੂੰ ਨਹੀਂ ਸੁਣਦੇ ਰੋਜ਼ ਪਟਾਕੇ ਪੈਂਦੇ ਨੇ।
ਉਡ ਜਾਂਦੇ ਅਸਮਾਨਾਂ ਦੇ ਵਿੱਚ ਧੌਲਰ ਪਰਜਾ ਤੰਤਰ ਦੇ
ਜਦ ਕਾਨੂੰਨੀ ਬੰਬਾਂ ਦੇ ਦਮਦਾਰ ਧਮਾਕੇ ਪੈਂਦੇ ਨੇ।
ਇੱਕੋ ਰੰਗ ਚ ਰੰਗ ਦੇਣਾ ਹੈ ਬਾਗ ਦੇ ਸਾਰੇ ਫੁੱਲਾਂ ਨੂੰ
ਜਦ ਵੀ ਕੋਈ ਕਹਿੰਦਾ ਹੈ ਹਰ ਤਰਫ਼ ਠਹਾਕੇ ਪੈਂਦੇ ਨੇ।
ਸੰਤਾਲ਼ੀ ਦੇ ਨਾਲ਼ੋਂ ਇੱਕ ਦਮ ਵੱਖਰੈ ਭਾਰਤ ਠਾਰਾਂ ਦਾ
ਹੋਵੇ ਕਿਉਂ ਨਾ ਦੋਹਾਂ ਦੇ ਵਿੱਚ ਸੱਤ ਦਹਾਕੇ ਪੈਂਦੇ ਨੇ।
ਪਤਾ ਨਹੀਂ ਕਿਉਂ ਦਿਲ ਤੋਂ ਕਾਲ਼ਖ ਜਾਂਦੀ ਨਹੀਂ ਬੇਈਮਾਨਾਂ ਦੇ
ਭਾਂਵੇਂ ਨੇਤਾ ਸਾਡੇ ਦੁੱਧ ਨਾਲ਼ ਰੋਜ਼ ਨਹਾ ਕੇ ਪੈਦੇ ਨੇ।
ਕਿਸੇ ਯੋਜਨਾ ਨਵੀਂ ਲਈ ਜਦ ਫੰਡ ਸਰਕਾਰੀ ਆ ਜਾਂਦੇ
ਖਾਂਦੀ ਮੁਰਗੇ ਅਫ਼ਸਰਸ਼ਾਹੀ ਖੂਬ ਪਚਾਕੇ ਪੈਂਦੇ ਨੇ।
ਸੂਰਜ ਚੜਦੇ ਨਾਲ਼ ਨੇ ਜਾਂਦੇ ਬਿੱਖਰ ਵਿੱਚ ਹਵਾਵਾਂ ਦੇ
ਸ਼ੇਖਚਿਲੀ ਜੋ ਕਿਲੇ ਰਾਤ ਨੂੰ ਰੋਜ਼ ਬਣਾ ਕੇ ਪੈਂਦੇ ਨੇ।
ਨਹੀਂ ਪਨਾਗਾ ਰੂਪ ਧਾਰਦੇ ਸੁਪਨੇ ਕਦੇ ਹਕੀਕਤ ਦਾ
ਭੇਲ਼ੇ ਲੇਕਾਂ ਨੂੰ ਜੋ ਹਾਕਮ ਰੋਜ਼ ਦਿਖਾ ਕੇ ਪੈਂਦੇ ਨੇ।

Tuesday 21 May 2019

ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।




ਗੀਤ
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।
ਕਾਹਤੋਂ ਚੁੱਪ ਚੁੱਪ ਹਰ ਵੇਲ਼ੇ ਰਹਿੰਦੇ ਸੋਹਣਿਓਂ।
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।

ਅੱਖਾਂ ਵਿੱਚ ਚੁੱਕੀ ਫਿਰਦੇ ਸਵਾਲ ਬੇ-ਹਿਸਾਬ।
ਜਿਹੜੇ ਮੰਗਦੇ ਨੇ ਕਿਸੇ ਕੋਲ਼ੋਂ ਅਪਣਾ ਜਵਾਬ।
ਏਨਾ ਭਾਰ ਕਾਹਦੇ ਵਾਸਤੇ ਹੋ ਸਹਿੰਦੇ ਸੋਹਣਿਓਂ।
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।

ਕਿਹੜਾ ਲੱਭਦੇ ਹੋ ਦਿਨ ਕਿਹੜੀ ਭਾਲ਼ਦੇ ਤਰੀਕ।
ਬੈਠੇ ਲਾਈ ਕਿਹੜੀ ਦੱਸੋ ਸ਼ੁਭ ਘੜੀ ਦੀ ਉਡੀਕ।
ਲਾਹ ਕੇ ਭਾਰ ਕਿਉਂ ਨਹੀਂ ਸੌਖੇ ਹੋ ਕੇ ਬਹਿੰਦੇ ਸੋਹਣਿਓਂ।
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।

ਲਾਹ ਕੇ ਸੰਗ ਤੇ ਸ਼ਰਮ ਦੱਸੋ ਦਿਲ ਵਾਲ਼ੀ ਗੱਲ।
ਜੀਹਨੂੰ ਰਹੇ ਹੋ ਉਡੀਕ ਨਹੀਂ ਆਉਣੀ ਕਦੇ ਕੱਲ੍ਹ।
ਛੱਡ ਔਝੜਾਂ ਕਿਉਂ ਸਿੱਧੇ ਰਾਹ ਨਹੀਂ ਪੈਂਦੇ ਸੋਹਣਿਓਂ।
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।

ਕੱਲ੍ਹ ਕਾਲ਼ ਦਾ ਹੈ ਨਾਮ ਸਾਰੇ ਕਹਿੰਦੇ ਨੇ ਸਿਆਣੇ।
ਸੁਖੀ ਰਹਿੰਦਾ ਅਹਿਮੀਅਤ ਜੋ ਅੱਜ ਦੀ ਪਛਾਣੇ।
ਕਿਹਾ ਮੰਨ ਕਿਉਂ ਪਨਾਗ ਦਾ ਨਹੀਂ ਲੈਂਦੇ ਸੋਹਣਿਓਂ।
ਗੱਲ ਦਿਲ ਦੀ ਜ਼ਬਾਨੋਂ ਕਿਉਂ ਨਹੀਂ ਕਹਿੰਦੇ ਸੋਹਣਿਓਂ।

ਗੀਤ - ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ ਹੈ।




ਗੀਤ
                  ਬਿਨ ਤੱਕਿਆਂ ਤੈਨੂੰ ਸੱਜਣਾ ਵੇ
ਜਿਵੇਂ ਅਮਲੋਂ ਟੁੱਟੇ ਅਮਲੀ ਨੂੰ ਅੱਚਵੀ ਜਹੀ ਲੱਗੀ ਰਹਿੰਦੀ ਹੈ।
ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ  ਹੈ।

ਹਰ ਇੱਕ ਫੁੱਲ ਕੰਡਾ ਲੱਗਦਾ ਹੈ, ਹਰ ਰੰਗ ਪਰਾਇਆ ਲੱਗਦਾ ਹੈ।
ਲੱਖ ਸੂਰਜ ਚੜ੍ਹਨ ਜਹਾਨ ਉੱਤੇ ਨਾ ਦੀਵਾ ਮਨ ਵਿੱਚ ਜਗਦਾ ਹੈ।
ਹਹ ਧੜਕਣ ਮੇਰੇ ਦਿਲ ਦੀ ਤੂੰ ਹੀ ਤੂੰ, ਤੂੰ ਹੀ ਤੂੰ ਕਹਿੰਦੀ ਹੈ।
ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ  ਹੈ।

ਬਿਰਹੋਂ ਦੇ ਕੁੱਠੇ ਨੈਣ ਮੇਰੇ ਦਰਿਆ ਬਣ ਰਹਿੰਦੇ ਵਹਿੰਦੇ ਨੇ।
ਸੌ ਮਾਰਾਂ ਬੰਨ੍ਹ ਉਮੀਦਾਂ ਦੇ ਰੁਕਣੇ ਦਾ ਨਾਂ ਨਾ ਲੈਂਦੇ ਨੇ।
ਦੱਸਾਂ ਕੀ, ਕੀ ਕੀ ਪੀੜ ਮੇਰੀ ਇਹ ਜਿੰਦ ਹਰ ਵੇਲ਼ੇ ਸਹਿੰਦੀ ਹੈ।
ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ  ਹੈ।

ਠੰਢੀ ਇਹ ਪੌਣ ਹੈ ਚੱਲਦੀ ਜੋ ਮੈਨੂੰ ਲੂ ਬਣ ਬਣ ਕੇ ਸਾੜੇ ਵੇ।
ਦੁਨੀਆਂ ਤਾਂ ਝੂੰਮੇ ਨਾਲ਼ ਖੁਸ਼ੀ ਮੇਰੇ ਦਿਲ ਤੇ ਚੱਲਣ ਕੁਹਾੜੇ ਵੇ।
ਹਾਸੇ ਨਾਲ਼ ਖਿੜੇ ਮਹੌਲ ਚ ਵੀ ਮੇਰੀ ਰੂਹ ਰੋਣੇ ਲੈ ਬਹਿੰਦੀ ਹੈ।
ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ  ਹੈ।

ਮਹਿਕਾਂ ਨਾਲ਼ ਲੱਦਿਆ ਚੌਗਿਰਦਾ ਮੇਰੇ ਇਸ ਦਿਲ ਨੂੰ ਭਾਉਂਦਾ ਨਹੀਂ।
ਤੱਕ ਬੱਦਲ਼ ਨੱਚਣਾ ਮੋਰਾਂ ਦਾ ਮੇਰੇ ਮਨ ਨੂੰ ਨੱਚਣ ਲਾਉਂਦਾ ਨਹੀਂ।
ਮੱਤ ਦੇਣ ਪਨਾਗਾ ਮਿੱਤਰ ਜੋ ਬਣ ਛੁਰੀ ਜਿਗਰ ਵਿੱਚ ਲਹਿੰਦੀ ਹੈ।
ਬਿਨ ਤੱਕਿਆਂ ਤੈਨੂੰ ਸੱਜਣਾ ਵੇ ਮੈਨੂੰ ਰਾਤੀਂ ਨੀਂਦ ਨਾ ਪੈਂਦੀ  ਹੈ।