Wednesday 25 August 2021

 

 

ਪੈਰ ਮੈਂ ਵਿਹੜੇ ਤੇਰੇ ਚੌਰਿਆ ਹੁਣ ਪਾਉਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਹੁਣ ਮੈਂ ਮੁੜ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।

ਆਈ ਜਦ ਤੇਰੇ ਉੱਤੇ ਪਾਈ ਤੂੰ ਕਦਰ ਨਹੀਂ।

ਕਿਹੜਾ ਦੱਸ ਮੇਰੇ ਸਿਰ ਤੇ ਕੀਤਾ ਤੂੰ ਗਦਰ ਨਹੀਂ।

ਪਾਗਲ ਦੀਵਾਨੀ ਝੱਲੀ ਮੁੜ ਮੁੜ ਅਖਵਾਉਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਹੁਣ ਮੈਂ ਮੁੜ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।

ਖੂੰਡਾ ਫੜ ਕੋਕਿਆਂ ਵਾਲ਼ਾ ਸੱਥ ਵਿੱਚ ਜਾ ਖੜ੍ਹਦਾ ਸੈਂ।

ਆਨੇ ਬਹਾਨੇ ਰਹਿੰਦਾ ਲੋਕਾਂ ਨਾਲ਼ ਲੜਦਾ ਸੈਂ।

ਆ ਕੇ ਮੁੜ ਤੇਰੇ ਉੱਤੇ ਸਾਰਾ ਪਿੰਡ ਢਾਹੁਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਹੁਣ ਮੈਂ ਮੁੜ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।

ਹਲ਼ਕੇ ਹੋਏ ਕੁੱਤੇ ਵਾਂਗੂੰ ਹਰ ਇੱਕ ਨੂੰ ਵੱਢਦਾ ਸੀ।

ਇੱਕ ਇੱਕ ਗੱਲ ਦੇ ਵਿੱਚ ਗਾਲ਼ਾਂ ਦੋ ਦੋ ਤੂੰ ਕੱਢਦਾ ਸੀ।

ਖੂਨ ਬੇਦੋਸ਼ਿਆਂ ਦਾ ਵਿੱਚ ਗਲ਼ੀਆਂ ਡੁਲਵਾਉਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਹੁਣ ਮੈਂ ਮੁੜ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।

ਮੈਲ਼ੀਆਂ ਨਜ਼ਰਾਂ ਨਾਲ਼ ਹਰ ਇੱਕ ਔਰਤ ਨੂੰ ਤੱਕਦਾ ਸੀ।

ਕੋਲ਼ੋਂ ਜਦ ਲੰਘਦੀ ਕੋਈ ਮੂੰਹ ਤੋਂ ਗੰਦ ਬਕਦਾ ਸੀ।

ਦੁਨੀਆਂ ਤੋਂ ਮੂੰਹ ਮੈਂ ਅਪਣਾ ਕਾਲ਼ਾ ਕਰਵਾਉਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਹੁਣ ਮੈਂ ਮੁੜ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।

ਕਿਹੜਾ ਇਲਜ਼ਾਮ ਤੂੰ ਮੇਰੇ ਉੱਤੇ ਲਗਵਾਇਆ ਨਹੀਂ।

ਦਰ ਤੇ ਸਤਿਗੁਰ ਦੇ ਚੱਲ ਕੇ ਇੱਕ ਦਿਨ ਵੀ ਆਇਆ ਨਹੀਂ।

ਨਾਸ਼ੁਕਰੇ ਨਾਲ਼ ਪਨਾਗਾ ਹੱਥ ਮੈਂ ਮਿਲਾਉਣਾ ਨਹੀਂ।

ਬਾਬੇ ਨੂੰ ਕਹੇ ਜਵਾਨੀ ਮੁੜ ਕੇ ਮੈਂ ਆਉਣਾ ਨਹੀਂ,

ਬਈ ਬਾਬੇ ਨੂੰ ਕਹੇ ਜਵਾਨੀ।


 

 

ਲੈ ਕੇ ਬਹਿ ਜੂ ਗੀ ਆਹ ਤੈਨੂੰ ਖੇਤਾਂ ਦੇ ਭਗਵਾਨਾਂ ਦੀ।

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

ਓਇ ਛੱਡ ਦੇ ਆਕੜ ਅਪਣੀ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

 

ਛੱਡ ਕੇ ਘਰ ਪਰਿਵਾਰ ਜਿਨ੍ਹਾਂ ਨੇ ਦਿੱਲੀ ਡੇਰੇ ਲਾਏ ਨੇ।

ਹੈ ਨਹੀਂ ਸ਼ੌਕ ਰੁਲ਼ਨ ਦਾ ਕੋਈ ਅਣਸਰਦੇ ਨੂੰ ਆਏ ਨੇ।

ਰੁਲ਼ਦੀ ਸੜਕਾਂ ਉੱਤੇ ਇੱਜ਼ਤ ਬੁੱਢਿਆਂ ਅਤੇ ਜਵਾਨਾਂ ਦੀ।

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

 

ਸਭ ਦਾ ਭਲਾ ਲੋਚਦੇ ਕਦੇ ਕਿਸੇ ਦਾ ਬੁਰਾ ਨਾ ਕਰਦੇ ਨੇ।

ਧੁੱਪਾਂ ਜਰ ਕੇ ਠੰਢ ਵਿੱਚ ਠਰ ਕੇ ਢਿੱਡ ਲੋਕਾਂ ਦਾ ਭਰਦੇ ਨੇ।

ਤਾਕਤ ਇਨ੍ਹਾਂ ਉੱਤੇ ਅਜ਼ਮਾ ਨਾ ਅਪਣੇ ਤੀਰ ਕਮਾਨਾਂ ਦੀ।

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

 

ਮੰਗਦੇ ਹੋਰ ਨਹੀਂ ਕੁੱਝ ਇੱਜ਼ਤ ਨਾਲ਼ ਜਿਉਣਾ ਮੰਗਦੇ ਨੇ।

ਭੈਂਗੀਆਂ ਨਜ਼ਰਾਂ ਨੂੰ ਪਰ ਦਿਸਦੇ ਇਹ ਅੱਤਵਾਦੀ ਰੰਗ ਦੇ ਨੇ।

ਚਿੱਟੇ ਦਿਨ ਨੂੰ ਦੱਸਦੀ ਰਾਤ ਹੈ ਟੋਲੀ ਇਹ ਸ਼ੈਤਾਨਾਂ ਦੀ।

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

 

ਬਣ ਹਮਦਰਦ ਜਿਨ੍ਹਾਂ ਦੇ ਮਾਰਨ ਆਇਆ ਡਾਕਾ ਹੱਕਾਂ ਤੇ।

ਅਪਣੇ ਹੱਕਾਂ ਲਈ ਹੋ ਜਾਂਦੇ ਇੱਕ ਇੱਕ ਭਾਰੂ ਲੱਖਾਂ ਤੇ।

ਹੱਕਾਂ ਖਾਤਰ ਬਾਜ਼ੀ ਲਾ ਦਿੰਦੇ ਇਹ ਅਪਣੀਆਂ ਜਾਨਾਂ ਦੀ

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।

 

ਖੋਹ ਕੇ ਮਾਂ ਇਨ੍ਹਾਂ ਦੀ ਦੇਣੀ ਚਾਹੁੰਦਾ ਤੂੰ ਸਰਮਾਏ ਨੂੰ

ਮਾਂ ਤੋਂ ਵੱਧ ਜਾਨ ਨਾ ਪਿਆਰੀ ਹੁੰਦੀ ਉਸ ਦੇ ਜਾਏ ਨੂੰ।

ਕਹੇ ਪਨਾਗ ਸਮਝ ਲੈ ਫ਼ਿਤਰਤ ਸੂਰਮਿਆਂ ਇਨਸਾਨਾਂ ਦੀ।

ਛੱਡ ਦੇ ਜਿੱਦ ਹਾਕਮਾ ਆ ਕੇ ਲੈ ਲੈ ਸਾਰ ਕਿਸਾਨਾਂ ਦੀ।


 

ਮੰਜ਼ਿਲ ਉੱਤੇ ਪਹੁੰਚਣ ਦੇ ਲਈ ਮੰਜ਼ਿਲ ਦੇ ਵੱਲ ਤੁਰਨਾ ਪੈਂਦੈ।

ਪਰਗਟ ਕਰਨ ਲਈ ਗੁਣ ਅਪਣੇ ਵਾਂਗ ਲੂਣ ਦੇ ਖੁਰਨਾ ਪੈਂਦੈ।


ਚਿਣੇ ਮੇਤੀਆਂ ਵਾਗੂੰ ਸੋਹਣੇ ਲੱਗਦੇ ਨੇ ਛੱਲੀਆਂ ਦੇ ਦਾਣੇ

ਢਿੱਡ ਕਿਸੇ ਦਾ ਭਰਨ ਲਈ ਪਰ ਖਾ ਕੇ ਸੱਟਾਂ ਭੁਰਨਾ ਪੈਂਦੈ ।


ਵਕਤੋਂ ਜੇ ਖੁੰਝ ਜਾਏ ਡੂੰਮਣੀ, ਆਲ਼ ਪਤਾਲ਼ ਰਹੇ ਫਿਰ ਗਾਉਂਦੀ

ਜੱਕੋ ਤੱਕੇ ਦੇ ਵਿੱਚ ਪੈ ਕੇ ਉਮਰਾ ਸਾਰੀ ਝੁਰਨਾ ਪੈਂਦੈ।


ਵੱਡੀ ਮੱਛੀ ਇਸ ਦੁਨੀਆਂ ਵਿੱਚ ਛੋਟੀ ਨੂੰ ਹੈ ਖਾਈ ਜਾਂਦੀ

ਅਪਣੀ ਹੋਂਦ ਬਚਾਉਣ ਵਾਸਤੇ ਆਪਣਿਆਂ ਨਾਲ਼ ਜੁੜਨਾ ਪੈਂਦੈ।


ਜ਼ਿੱਦੀ ਹਾਕਮ ਵੀ ਖੜ੍ਹ ਸਕੇ ਨਾ ਲੋਕ ਰੋਸ ਦੇ ਹੜ੍ਹ ਦੇ ਅੱਗੇ

ਜਿੱਧਰ ਪਰਜਾ ਕਹੇ ਪਨਾਗਾ ਉਸ ਰਸਤੇ ਵੱਲ ਮੁੜਨਾ ਪੈਂਦੈ।


 

 

ਆਂਡੇ ਘੁੱਗੀ ਦੇ ਜੋ ਖ਼ੁਦ ਖਾ ਲੈਂਦੇ ਨੇ।

ਕਾਂ ਉਹ ਘੁੱਗੀ ਨੂੰ ਅਤਿਵਾਦੀ ਕਹਿੰਦੇ ਨੇ।

ਕਾਂ ਕਾਂ ਕਰ ਕੇ ਰੌਲ਼ਾ ਪਾਉਣ ਵਡੱਤਣ ਦਾ

ਚੁੰਝ ਪੂੰਝ ਜੋ ਗੰਦੇ ਤੇ ਜਾ ਬਹਿੰਦੇ ਨੇ।

ਵੇਚੀ ਹੋਏ ਜ਼ਮੀਰ ਜਿਨ੍ਹਾਂ ਸਰਮਾਏ ਨੂੰ

ਕੋਲ ਨਾ ਆ ਕੇ ਮਿਹਨਤਕਸ਼ ਦੇ ਬਹਿੰਦੇ ਨੇ।

ਨ੍ਹੇਰੀ ਨਾਲ਼ ਨਾ ਟੁੱਟਦੇ ਜੋ ਰੁੱਖ ਲਿਫ਼ ਜਾਂਦੇ

ਆਕੜ ਵਾਲ਼ੇ ਗਰਦਣ ਤੁੜਵਾ ਲੈਂਦੇ ਨੇ।

ਹੋਂਦ ਜਿਨ੍ਹਾਂ ਦੀ ਪੈ ਜਾਂਦੀ ਵਿੱਚ ਖ਼ਤਰੇ ਦੇ

ਸੀਸ ਪਨਾਗਾ ਤਲ਼ੀ ਉੱਤੇ ਧਰ ਲੈਂਦੇ ਨੇ।


 

ਲੁੱਟ ਲਈ ਮਹਿਫਲ ਸਾਡੀ ਦਿੱਤਾ ਕਹਿਰ ਗੁਜ਼ਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਜੀਹਨੇ ਪੈਰਾਂ ਦੇ ਵਿੱਚ ਬਹਿ ਕੇ ਗਿਆਨ ਦਾ ਪੱਲਾ ਫੜਿਆ ਸੀ।

ਲਾ ਲਾ ਰੀਝ ਵਾਂਗ ਬੁਤਘਾੜੇ ਜਿਸ ਨੂੰ ਹੱਥੀਂ ਘੜਿਆ ਸੀ।

ਤੁਰ ਗਿਆ ਰੋਂਦੇ ਛੱਡ ਚਲਾਈ ਜਦ ਤਲਵਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਛੁਪਿਆ ਬਹੁਤ ਪੰਖੇਰੂ ਫਿਰ ਵੀ ਦਿੱਤਾ ਨੋਚ ਕਰੋਨਾ ਨੇ।

ਆ ਕੇ ਭੁੱਖੇ ਬਾਜ ਵਾਂਗਰਾਂ ਲਿਆ ਦਬੋਚ ਕਰੋਨਾ ਨੇ।

ਦਿੱਤਾ ਸੂਰਜ ਦੀ ਖੋਹ ਜੋਤ  ਹਨ੍ਹੇਰ ਪਸਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਬਣ ਕੇ ਸੰਗੀ, ਲੈ ਹੱਥ ਦੀਵਾ, ਜੋ ਅੰਧਕਾਰ ਮਿਟਾਉਂਦਾ ਰਿਹਾ।

ਰਸਤਾ ਜ਼ਿੰਦਗੀ ਦੇ ਰਾਹੀਆਂ ਨੂੰ ਮੰਜ਼ਿਲ ਦਾ ਦਰਸਾਉਂਦਾ ਰਿਹਾ।

ਨਿੱਘਾ ਉਹ ਚਾਨਣ ਦਾ ਸੋਮਾ ਦਿੱਤਾ ਠਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਯਾਰੀ ਯਾਰਾਂ ਨਾਲ਼ ਧਰਮ ਦੇ ਵਾਂਗੂੰ ਰਿਹਾ ਨਿਭਾਉਂਦਾ ਜੋ।

ਵੰਡਦਾ ਖੁਸ਼ੀਆਂ ਰਿਹਾ ਹਮੇਸ਼ਾ ਤੇ ਦੁੱਖ ਰਿਹਾ ਵੰਡਾਉਂਦਾ ਜੋ।

ਦਿੱਤੀਆਂ ਦਰੜ ਸਾਰੀਆਂ ਸਾਂਝਾਂ ਕਰ ਕੇ ਵਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਸੂਰਤ ਸਦਾ ਪਨਾਗਾ ਅੱਖਾਂ ਮੂਹਰੇ ਦਿਸਦੀ ਰਹਿੰਦੀ ਹੈ।

ਗੁੱਝੀ ਚੀਸ ਜਹੀ ਇੱਕ ਦਿਲ ਦੇ ਵਿੱਚੋਂ ਰਿਸਦੀ ਰਹਿੰਦੀ ਹੈ।

ਰਹਿਮ ਨਾ ਕੀਤਾ ਲੁੱਟ ਲਿਆ ਅੱਖਰਾਂ ਦਾ ਸੰਸਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


 

ਕੀ ਦੀ ਕੀ ਹੁਣ ਹੋ ਗਈ ਦੁਨੀਆਂ।

ਕਿੱਥੇ ਆਣ ਖਲੋ ਗਈ ਦੁਨੀਆਂ।

ਠਰ ਗਏ ਨੇ ਸਭ ਰਿਸ਼ਤੇ ਨਾਤੇ

ਅਪਣੇ ਆਪ ਚ ਖੋ ਗਈ ਦੁਨੀਆਂ।

ਚਾਅ ਜ਼ਿੰਦਗੀ ਦੇ ਦਫ਼ਨ ਹੋ ਗਏ

ਜਿਉਂਦੇ ਜੀ ਹੀ ਮੋ ਗਈ ਦੁਨੀਆਂ।

ਚਹਿਲ ਪਹਿਲ ਨੂੰ ਦਹਿਸ਼ਤ ਖਾ ਗਈ

ਕੰਧਾਂ ਵਿੱਚ ਸਮੋ ਗਈ ਦੁਨੀਆਂ।


 

ਬਲ਼ਦੀ ਇਸ ਦੁਨੀਆਂ  ਤੇ ਕਿਰਪਾ ਕਰ, ਪਾ ਮੁੜ ਕੇ ਫੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਪੁੱਤ ਇੱਕੋ ਪਿਉ ਦੇ ਨੇ ਪਰ ਹਨ ਵੱਖ ਵੱਖ ਹੋਏ ਬੈਠੇ

ਜਾਤਾਂ ਮਜ਼੍ਹਬਾਂ ਵਸ ਪੈ ਬਣ ਹਨ ਟਿੱਬੇ ਟੋਏ ਬੈਠੇ

ਬੈਠੇ ਨੇ ਘਰ ਸਮਝੀਂ ਉਸ ਨੂੰ ਜੋ ਹੈ ਰੈਣ ਬਸੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਹਨ ਇੱਕੋ ਨੂਰ ਦੀਆਂ ਅੰਨ੍ਹੇ ਪਾਈ ਵੰਡੀਆਂ  ਜਾਂਦੇ।

ਬਣ ਦੁਸ਼ਮਣ ਵੱਢੀਂ ਨੇ ਇੱਕ ਦੂਜੇ ਦੀਆਂ ਘੰਡੀਆਂ ਜਾਂਦੇ।

ਰੱਖ ਵੱਖ ਵੱਖ ਨਾਂ ਉਸ ਦੇ ਬਣਾ ਲਿਆ ਇਹ ਮੇਰਾ ਉਹ ਤੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਬਣ ਬੈਠੇ ਠੱਗ ਬਗਲੇ, ਮਾਣਸ ਖਾਣੇ ਤੇ ਹੰਕਾਰੀ

ਸੱਜਣ ਨੇ, ਕੌਡੇ ਨੇ, ਬਹਿ ਗਏ ਬਣ ਕੇ ਵਲੀ ਕੰਧਾਰੀ

ਪੰਜਾਂ ਨੇ ਪਾ ਲਿਆ ਹੈ ਮੁੜ ਕੇ ਆ ਲੋਕਾਂ ਨੂੰ ਘੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਸੋਮੇ ਜੀਵਨ ਦੇ ਨੂੰ ਬਹੁਤੇ ਸਿਆਣੇ ਲੱਗ ਪਏ ਸੋਕਣ

ਜੱਗ ਜਨਣੀ ਦਾ ਜੱਗ ਦੇ ਉੱਤੇ ਆਉਣਾ ਲੱਗ ਪਏ ਰੋਕਣ

ਕੋਈ ਚਾਰਾ ਚੱਲਦਾ ਨਾ ਲਾ ਲਿਆ ਜ਼ੋਰ ਪਨਾਗ ਬਥੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।


 

ਦਿੱਤੇ ਬਦਲ ਕਰੋਨਾ ਨੇ ਸਭ ਦੁਨੀਆਂ ਦੇ ਦਸਤੂਰ।

ਕਰ ਦਿੱਤਾ ਇਸ ਆਪਣਿਆਂ ਨੂੰ ਆਪਣਿਆਂ ਤੋਂ ਦੂਰ।


ਸੂਰਜ ਓਹੀ ਅੰਬਰ ਦੇ ਵਿੱਚ, ਓਹੀ ਚੰਦ ਤੇ ਤਾਰੇ

ਐਪਰ ਜਾਪੇ ਮਾਰ ਉਡਾਰੀ ਟੁਰ ਗਿਆ ਕਿਧਰੇ ਨੂਰ।


ਬੁਝੇ ਬੁਝੇ ਸਭ ਚਿਹਰੇ ਜਾਪਣ, ਅੱਖਾਂ ਵਿਚ ਉਦਾਸੀ

ਬੁਲ੍ਹਾਂ ਤੋਂ ਮੁਸਕਾਨਾਂ ਸਭ ਦੇ ਹੋ ਗਈਆਂ ਕਾਫ਼ੂਰ।


ਰਾਜਾ ਰੰਕ ਡਰੇ ਸਭ ਫਿਰਦੇ, ਸਾਹ ਹਨ ਸਭ ਦੇ ਸੁੱਕੇ

ਤਾਕਤ ਵਾਲ਼ਿਆਂ ਦਾ ਮਿੱਟੀ ਵਿੱਚ ਰੁਲ਼ਿਆ ਫਿਰੇ ਗ਼ਰੂਰ।


ਸੁੰਨੀਆਂ ਪਈਆਂ ਸਭੇ ਮਹਿਫ਼ਲਾਂ, ਬੇ-ਰੌਣਕ ਬਾਜ਼ਾਰ

ਡਰ ਦਾ ਦੈਂਤ ਚੁਤਰਫੇ ਖੁੱਲ੍ਹਾ ਪਾਉਂਦਾ ਫਿਰੇ ਫ਼ਤੂਰ।


ਪਤਾ ਨਾ ਲੱਗੇ ਕਦ ਤੇ ਕਿੱਥੋਂ ਆ ਕੇ ਹੈ ਫੜ ਲੈਂਦਾ

ਬਣਦੇ ਜਾਣ ਸ਼ਿਕਾਰ ਏਸ ਦੇ ਪਰ ਪੂਰਾਂ ਦੇ ਪੂਰ।


ਕੁੱਲ ਧਨੰਤਰ ਜੱਗ ਦੇ ਇਸ ਦੇ ਅੱਗੇ ਬੇਬਸ ਹੋਏ

ਹਿਕਮਤ ਦਾ ਹੰਕਾਰ ਹੋ ਗਿਆ ਟੁੱਟ ਕੇ ਚਿਕਨਾਚੂਰ।


ਖੋਹ ਲਿਆ ਏਸ ਪਨਾਗ ਤੋਂ ਸੱਜਣ ਹਰਸ਼ ਜਿਹਾ ਇੱਕ ਪਿਆਰਾ

ਜਿਸ ਦਾ ਘਾਟਾ ਵਕਤ ਬਲੀ ਵੀ ਸਕਣਾ ਕਦੇ ਨਾ ਪੂਰ।


 

ਇੱਕ ਫੁੱਲ ਦੇ ਟੁੱਟ ਜਾਣ ਨਾਲ਼ ਹਰ ਤਰਫ਼ ਉਦਾਸੀ ਛਾ ਗਈ ਹੈ।

ਇਉਂ ਲਗਦਾ ਹੈ ਰਸਤਾ ਭੁੱਲ ਗੁਲਸ਼ਨ ਵਿੱਚ ਪਤਝੜ ਆ ਗਈ ਹੈ।

ਜਿਸ ਮਾਲਕ ਨੇ ਫੁੱਲ ਖਿੜਾਇਆ ਓਸੇ ਉਸ ਨੂੰ ਤੋੜ ਲਿਆ ਹੈ

ਕਿਸ ਨੂੰ ਕੋਈ ਦਵੇ ਉਲ਼ਾਂਭਾ, ਮੱਤ ਸਭ ਦੀ ਚਕਰਾ ਗਈ ਹੈ।

ਤੁਰ ਗਿਆ ਸਭ ਤੋਂ ਬਾਂਹ ਛੁਡਾ ਕੇ, ਬਹੁਤ ਰੋਕਿਆ ਪਰ ਨਾ ਰੁਕਿਆ

ਮਹਿਕ ਛੱਡ ਗਿਆ ਪਿਛੇ ਜਿਹੜੀ ਅੱਖਾਂ ਸਭ ਛਲਕਾ ਗਈ ਹੈ।

ਸਦਾ ਰਿਹਾ ਨਾ ਕੋਈ ਏਥੇ, ਜੋ ਆਇਆ ਹੈ ਸਭ ਨੇ ਜਾਣਾ

ਉਸ ਦੇ ਜਾਣ ਦੀ ਪੀੜਾ ਐਪਰ ਬੁਰਜ ਸਬਰ ਦੇ ਢਾਹ ਗਈ ਹੈ।

ਬਦਲ ਗਿਆ ਹੈ ਲਗਦਾ ਸਭ ਕੁੱਝ, ਪਹਿਲਾਂ ਵਾਲ਼ਾ ਰੰਗ ਨਾ ਲੱਭੇ

“ਹਰਸ਼” ਤੁਰ ਗਿਆ, ਸੋਗ ਰਹਿ ਗਿਆ, ਰਾਤ ਰਵੀ ਨੂੰ ਖਾ ਗਈ ਹੈ।

ਤੁਰ ਗਿਆਂ ਨਾਲ਼ ਨਾ ਤੁਰਿਆ ਜਾਂਦਾ, ਭਾਣਾ ਮਿੱਠਾ ਮੰਨਣਾ ਪੈਂਦਾ

ਓਹੀ ਮਰਦ ਕਹਾਉਣ ਪਨਾਗਾ ਸਮਝ ਜਿਨ੍ਹਾਂ ਨੂੰ ਆ ਗਈ ਹੈ।